ਮਿਸ਼ਨ ਚੜ੍ਹਦੀ ਕਲਾ ਨੇ ਪੰਜਾਬ ਭਰ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 12

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ 1012 ਪਿੰਡਾਂ ਵਿੱਚ ਰਾਹਤ ਵੰਡ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਹੈ। ਲੋਕਾਂ ਦੀ ਭਲਾਈ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਪਰਿਵਾਰ ਨੂੰ ਉਨ੍ਹਾਂ ਦੇ ਘਰਾਂ, ਫ਼ਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਲਈ ਸਮੇਂ ਸਿਰ ਮੁਆਵਜ਼ਾ ਮਿਲੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਿਕਾਰਡ ਸਮੇਂ ਵਿੱਚ ਸਭ ਤੋਂ ਵੱਧ ਮੁਆਵਜ਼ਾ ਵੰਡਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤਹਿਤ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਹਰ ਪ੍ਰਭਾਵਿਤ ਪਰਿਵਾਰ ਤੱਕ ਰਾਹਤ ਪਹੁੰਚਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅਹਿਮ ਫ਼ੈਸਲਾ ਲੈਂਦਿਆਂ ਨੁਕਸਾਨੇ ਗਏ ਘਰਾਂ ਲਈ ਵਿੱਤੀ ਸਹਾਇਤਾ 6,500 ਰੁਪਏ ਤੋਂ ਵਧਾ ਕੇ 40,000 ਰੁਪਏ ਪ੍ਰਤੀ ਘਰ ਕਰ ਦਿੱਤੀ ਗਈ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਪੰਜਾਬ ਨੇ ਆਪਣੇ ਕਿਸਾਨਾਂ ਨੂੰ ਪ੍ਰਗਤੀਸ਼ੀਲ ਪਹਿਲਕਦਮੀ “ਜਿਸਦਾ ਖੇਤ, ਉਸਦੀ ਰੇਤ” ਰਾਹੀਂ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦਾ ਅਧਿਕਾਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੀ ਜ਼ਮੀਨ ਨੂੰ ਬਹਾਲ ਕਰਨ ਅਤੇ ਅਗਲੇ ਬਿਜਾਈ ਸੀਜ਼ਨ ਲਈ ਖੇਤਾਂ ਨੂੰ ਤਿਆਰ ਕਰਨ ਦੇ ਸਮਰੱਥ ਬਣਾਇਆ ਹੈ। ਸੂਬਾ ਸਰਕਾਰ ਨੇ ਫ਼ਸਲ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 20,000 ਰੁਪਏ ਦੇਣ ਦਾ ਫ਼ੈਸਲਾ ਲਿਆ ਹੈ, ਜੋ ਦੇਸ਼ ਵਿੱਚ ਹੁਣ ਤੱਕ ਦਿੱਤਾ ਗਿਆ ਸਭ ਤੋਂ ਵੱਧ ਫ਼ਸਲੀ ਮੁਆਵਜ਼ਾ ਹੈ। ਪ੍ਰਭਾਵਿਤ ਪਰਿਵਾਰਾਂ ਲਈ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਵਿੱਤੀ ਸਹਾਇਤਾ ਪ੍ਰਦਾਨ ਕਰਦਿਆਂ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਦੁਧਾਰੂ ਪਸ਼ੂ 37,500 ਰੁਪਏ, ਪ੍ਰਤੀ ਗੈਰ-ਦੁਧਾਰੂ ਪਸ਼ੂ 32,000 ਰੁਪਏ, ਪ੍ਰਤੀ ਵੱਛਾ 20,000 ਰੁਪਏ ਅਤੇ ਪ੍ਰਤੀ ਪੋਲਟਰੀ ਪੰਛੀ 100 ਰੁਪਏ ਮੁਆਵਜ਼ਾ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਰਾਹਤ ਵੰਡ ਵਿੱਚ ਤੇਜ਼ੀ ਲਿਆਉਂਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਹਲਕੇ ਦੇ 11 ਪਿੰਡਾਂ ਦੇ 81 ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 22.71 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ। ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੁਨਾਮ ਦੇ 11 ਪਿੰਡਾਂ ਦੇ 82 ਪ੍ਰਭਾਵਿਤ ਪਰਿਵਾਰਾਂ ਨੂੰ 17.47 ਲੱਖ ਰੁਪਏ ਵੰਡੇ। ਅਜਨਾਲਾ ਵਿਖੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਈ ਪਿੰਡਾਂ ਦੇ 594 ਪਰਿਵਾਰਾਂ ਨੂੰ 2.09 ਕਰੋੜ ਰੁਪਏ ਵੰਡੇ, ਜਦੋਂ ਕਿ ਮਹਿਲ ਕਲਾਂ ਹਲਕੇ ਵਿੱਚ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ 27 ਲਾਭਪਾਤਰੀਆਂ ਨੂੰ 5.49 ਲੱਖ ਰੁਪਏ ਵੰਡੇ, ਜਿਸ ਨਾਲ ਮਹਿਲ ਕਲਾਂ ਹਲਕੇ ‘ਚ 41 ਹੜ੍ਹ ਪੀੜਤਾਂ ਨੂੰ 9.82 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ।

ਘਨੌਰ ਹਲਕੇ ਵਿੱਚ ਵਿਧਾਇਕ ਗੁਰਲਾਲ ਘਨੌਰ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੇ ਨੁਕਸਾਨੇ ਗਏ 3,478 ਏਕੜ ਫਸਲੀ ਰਕਬੇ ਦੇ ਮੁਆਵਜ਼ੇ ਵਜੋਂ 11 ਹੜ੍ਹ ਪ੍ਰਭਾਵਿਤ ਪਿੰਡਾਂ ਦੇ 2,113 ਲਾਭਪਾਤਰੀਆਂ ਨੂੰ 5.15 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ।

ਭਦੌੜ ਹਲਕੇ ਵਿੱਚ ਵਿਧਾਇਕ ਲਾਭ ਸਿੰਘ ਉੱਗੋਕੇ ਨੇ 16 ਪਿੰਡਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 32 ਲੱਖ ਰੁਪਏ ਵੰਡੇ। ਹੜ੍ਹ ਪ੍ਰਭਾਵਿਤ ਲੋਕਾਂ ਨੇ ਪੰਜਾਬ ਸਰਕਾਰ ਦਾ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨਾਲ ਡਟ ਕੇ ਖੜ੍ਹੇ ਹੋਣ ਲਈ ਧੰਨਵਾਦ ਕੀਤਾ।

ਨਵਾਂਸ਼ਹਿਰ ਵਿੱਚ ਵੀ ਰਾਹਤ ਰਾਸ਼ੀ ਵੰਡਦਿਆਂ ਆਪ ਦੇ ਆਗੂ ਲਲਿਤ ਮੋਹਨ ਪਾਠਕ ਅਤੇ ਐਸ.ਡੀ.ਐਮ. ਸ੍ਰੀਮਤੀ ਅਨਮਜੋਤ ਕੌਰ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਚੈੱਕ ਸੌਂਪੇ, ਜਦੋਂ ਕਿ ਬਲਾਚੌਰ ਵਿਖੇ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਅਤੇ ਐਸ.ਡੀ.ਐਮ. ਸ੍ਰੀਮਤੀ ਕ੍ਰਿਤਿਕਾ ਗੋਇਲ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਿਆ।

Leave a Reply

Your email address will not be published. Required fields are marked *

View in English