ਪੰਜਾਬ

ਮਿਸ਼ਨ ਫ਼ਤਿਹ ਤਹਿਤ ਗਊ ਰਕਸ਼ਕ ਮੰਡਲ ਨੇ ਲਗਵਾਇਆ ਕੋਵਿਡ ਵੈਕਸੀਨੇਸ਼ਨ ਕੈਂਪ

 
ਫ਼ੈਕ੍ਟ ਸਮਾਚਾਰ ਸੇਵਾ
ਸੰਗਰੂਰ,  ਜੂਨ 21
ਗਊ ਰਕਸ਼ਕ ਮੰਡਲ ਸੰਗਰੂਰ ਵੱਲੋਂ ਸ਼ਹਿਰ ਵਾਸੀਆਂ ਨੂੰ ਮਹਾਂਮਾਰੀ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਮਿਸ਼ਨ ਫ਼ਤਿਹ ਤਹਿਤ ਵਿਸ਼ੇਸ਼ ਤੌਰ ’ਤੇ ਗਊਸ਼ਾਲਾ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਵਾਇਆ ਗਿਆ ਜਿਸ ’ਚ ਲਗਭਗ 126 ਲਾਭਪਾਤਰੀਆਂ ਨੇ ਵੈਕਸੀਨ ਲਗਵਾਈ। ਇਸ ਵੈਕਸੀਨੇਸ਼ਨ ਕੈਂਪ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੈਟਰਨ ਆਈ.ਐਮ.ਏ ਅਤੇ ਸੀਨੀਅਰ ਡਾ. ਕੇ.ਜੀ. ਸਿੰਗਲਾ ਨੇ ਦੱਸਿਆ ਕੇ ਅੱਜ ਕਰੋਨਾ ਮਹਾਂਮਾਰੀ ਨੂੰ ਲੈ ਕੇ ਅਤੇ ਕੋਵਿਡ ਟੀਕਾਕਰਨ ਵਿਰੁੱਧ ਬਹੁਤ ਤਰਾਂ ਦੀਆਂ ਅਫਵਾਹਾਂ ਅਤੇ ਮਿੱਥਾਂ ਪ੍ਰਚੱਲਿਤ ਹਨ ਜੋ ਕਿ ਗਲਤ ਸਾਬਤ ਹੋ ਰਹੀਆਂ ਹਨ। ਉਨਾਂ ਦੱਸਿਆ ਇਸ ਮਹਾਂਮਾਰੀ ਦਾ ਇੱਕੋ-ਇੱਕ ਬਚਾਅ ਵੈਕਸੀਨੇਸ਼ਨ ਹੀ ਹੈ ਕਿਉਕਿ ਕੋਰੋਨਾ ਦੀ ਪਹਿਲੀ ਲਹਿਰ ਮੌਕੇ ਕੋਰੋਨਾ ਵੈਕਸੀਨ ਨਹੀਂ ਆਈ ਸੀ ਤੇ ਸਾਨੂੰ ਇਸ ਦਾ ਲਗਭਗ ਇੱਕ ਸਾਲ ਦੇ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ। ਉਨਾਂ ਕਿਹਾ ਕਿ ਹੁਣ ਜਦੋਂ ਕੋਰੋਨਾ ਦੀ ਵੈਕਸਿਨ ਆ ਗਈ ਹੈ ਤੇ ਸਾਨੂੰ ਸਭ ਨੂੰ ਅੱਗੇ ਆ ਕੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਡੱਟ ਕੇ ਲੜਿਆ ਜਾ ਸਕੇ। ਇਸਦੇ ਨਾਲ ਹੀ ਡਾ. ਕੇ.ਜੀ. ਸਿੰਗਲਾ ਨੇ ਆਗਾਹ ਵੀ ਕੀਤਾ ਕਿ ਜੇਕਰ ਲੋਕਾਂ ਵੱਲੋਂ ਸਾਵਧਾਨੀਆਂ ਦਾ ਪਾਲਣ ਕਰਨ ਦੇ ਨਾਲ-ਨਾਲ ਕੋਵਿਡ ਟੀਕਾਕਰਨ ਨਹੀਂ ਕਰਵਾਇਆ ਜਾਂਦਾ ਤਾਂ ਆਉਣ ਵਾਲੇ 3-4 ਮਹੀਨਿਆਂ ਤੱਕ ਕਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਤੇ ਮਾਰੂ ਸਾਬਤ ਹੋਵੇਗੀ। ਉਨਾਂ ਮੁੜ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੋਵਿਡ ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਪ੍ਰਧਾਨ ਦੀਪਕ ਮਘਾਨ, ਵਾਇਸ ਪ੍ਰਧਾਨ ਅਸ਼ੋਕ ਗਰਗ, ਜਰਨਲ ਸਕੱਤਰ ਕਿ੍ਰਸ਼ਨ, ਭਰਤ ਗਰਗ ਮੈਂਬਰ ਟੀਮ  ਵਿਜੈ ਇੰਦਰ ਸਿੰਗਲਾ, ਕੈਸ਼ੀਅਰ ਤਰਲੋਕ ਚੰਦ, ਐਗਜੀਕਿਊਟਿਵ ਮੈਂਬਰ ਅਵਿਨਾਸ਼ ਸ਼ਰਮਾ, ਭੂਸ਼ਣ ਬਾਂਸਲ, ਗੋਰਾ ਲਾਲ, ਸਾਰਥੀ ਗਰਗ, ਕਮਲ ਅਗਰਵਾਲ ਆਦਿ ਹਾਜ਼ਰ ਸਨ।