ਧਰਮ ਤੇ ਵਿਰਸਾ

ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ

ਫ਼ੈਕ੍ਟ ਸਮਾਚਾਰ ਸੇਵਾ
ਰੂਪਨਗਰ ਅਗਸਤ 07
ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਦੀ ਵੈਕਸੀਨ ਦੇ ਸਰਟੀਫਿਕੇਟ (ਦੋਵੇਂ ਖ਼ੁਰਾਕਾਂ) ਜਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। ਇਥੇ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਚ. ਪੀ. ਐੱਸ. ਡੀ. ਐੱਮ. ਏ) ਨੇ 9 ਤੋਂ 17 ਅਗਸਤ 2021 ਤੱਕ ਸ਼ਰੂ ਹੋਣ ਵਾਲੇ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਕੋਵਿਡ -19 ਦੀ ਤੀਜੀ ਸੰਭਾਵੀ ਲਹਿਰ ਬਾਰੇ ਚਿੰਤਾ ਪ੍ਰਗਟਾਉਂਦਿਆਂ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕੁਝ ਪਾਬੰਦੀਆਂ ਵੀ ਲਗਾਈਆਂ ਹਨ। ਇਸੇ ਤਹਿਤ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਨਾਲ ਲਗਦਾ ਮੁੱਖ ਸਰਹੱਦੀ ਜ਼ਿਲ੍ਹਾ ਹੈ ਅਤੇ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਹਜ਼ਾਰਾਂ ਸ਼ਰਧਾਲੂ ਹਿਮਾਚਲ ਦੇ ਵੱਖ-ਵੱਖ ਮੰਦਿਰਾਂ/ਧਾਰਮਿਕ ਅਸਥਾਨਾਂ ’ਤੇ ਆਉਣ ਜਾਂ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਰਾਜ ਦੇ ਉਨ੍ਹਾਂ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ, ਜੋ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਹਿਮਾਚਲ ਪ੍ਰਦੇਸ਼ ਜਾਣਾ ਚਾਹੁੰਦੇ ਹਨ। ਸੋਨਾਲੀ ਗਿਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਸਰਧਾਲੂਆਂ/ਲੋਕਾਂ ਲਈ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਕਤ ਸਮੇਂ ਦੌਰਾਨ ਵੱਖ-ਵੱਖ ਮੰਦਿਰ/ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵਿਅਕਤੀਆਂ ਨੂੰ ਰਾਜ/ਜ਼ਿਲ੍ਹਾ ਸਰਹੱਦਾਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਤਾਂ ਹੀ ਹੋਵੇਗੀ ਜੇਕਰ ਉਨ੍ਹਾਂ ਕੋਲ ਕੋਵਿਡ-19 ਟੀਕਾਕਰਣ ਸਰਟੀਫਿਕੇਟ (ਦੋਵੇਂ ਖ਼ੁਰਾਕਾਂ) ਜਾਂ ਆਰ. ਟੀ-ਪੀ. ਸੀ. ਆਰ. ਨੈਗੇਟਿਵ ਰਿਪੋਰਟ ( ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ) ਅਤੇ ਅਧਿਕਾਰਤ ਲੈਬਾਂ ਵੱਲੋਂ ਜਾਰੀ ਕੀਤੀ ਹੋਵੇ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ “ਨੋ ਮਾਸਕ-ਨੋ ਦਰਸ਼ਨ’’ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਜਾਗਰੂਕਤਾ, ਸਿੱਖਿਆ ਅਤੇ ਕਾਨੂੰਨੀ ਢੰਗਾਂ ਰਾਹੀਂ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇਗੀ। ਧਾਰਮਿਕ ਸਥਾਨਾਂ/ਮੰਦਿਰਾਂ ਦੇ ਪ੍ਰਵੇਸ਼ ਦੁਆਰ ‘ਤੇ ਥਰਮਲ ਸਕ੍ਰੀਨਿੰਗ ਅਤੇ ਸੈਨੀਟਾਈਜ਼ੇਸ਼ਨ/ਹੱਥ ਧੋਣ ਦੀ ਸਹੂਲਤ ਹੋਵੇਗੀ।