ਵਿਦੇਸ਼

ਮਹਾਮਾਰੀ ਦੇ ਮੁਸ਼ਕਲ ਦੌਰ ‘ਚ ਰਾਹਤ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਅਮਰੀਕਾ ਦੇ ਮੰਦਰ ‘ਚ ਹੋਏ ਇਕੱਠੇ

ਫ਼ੈਕ੍ਟ ਸਮਾਚਾਰ ਸੇਵਾ ਪੇਨ ਹਿੱਲਜ਼,ਜੂਨ 29

ਅਮਰੀਕਾ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੀ ਸ਼ਾਨ ਮੁੜ ਵਾਪਸ ਆ ਗਈ ਹੈ। ਘੰਟੀਆਂ ਦੀ ਆਵਾਜ਼ ਨਾਲ ਖੇਤਰ ਨੇ ਫਿਰ ਗੂੰਜਣਾ ਸ਼ੁਰੂ ਕਰ ਦਿੱਤਾ ਹੈ। ਲੰਬੇ ਸਮੇਂ ਬਾਅਦ ਇਥੇ ਜੈ ਗੋਵਿੰਦਾ… ਦੀ ਗੂੰਜ ਸੀ। ਕੋਵਿਡ ਮਹਾਮਾਰੀ ਦੇ ਮੁਸ਼ਕਲ ਪੜਾਅ ਦੇ ਠੀਕ ਹੋਣ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਇਥੇ ਇਕੱਠੇ ਹੋਏ ਸਨ।

ਪਿਟਸਬਰਗ ਦੇ ਪੂਰਬ ਵਿਚ ਸਥਿਤ ਇਕ ਪਹਾੜੀ ਦੀ ਚੋਟੀ ਤੇ ਸ਼੍ਰੀ ਵੈਂਕਟੇਸ਼ਵਰਾ ਮੰਦਰ ਵਿਚ ਪ੍ਰਾਰਥਨਾ ਸਭਾ ਵਿਚ ਸਾੜੀ-ਧੋਤੀ ਪਹਿਨੇ ਹਜ਼ਾਰਾਂ ਸ਼ਰਧਾਲੂ ਸ਼ਾਮਲ ਹੋਏ। ਸਮਾਗਮ ਦੇ ਆਖ਼ਰੀ ਪਲਾਂ ਵਿਚ ਪੁਜਾਰੀ ਨੇ ਸੰਗਤਾਂ ‘ਤੇ ਗੋਪੁਰਮ ਦਾ ਪਵਿੱਤਰ ਜਲ ਛਿੜਕਿਆ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਦੌਰਾਨ ਹੈਲੀਕਾਪਟਰ ਤੋਂ ਮੰਦਰ ਅਤੇ ਉਥੇ ਪਹੁੰਚੇ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਵਿਸ਼ੇਸ਼ ਪੂਜਾ ਅਤੇ ਅਰਦਾਸ ਵਿਚ 20 ਪੁਜਾਰੀਆਂ ਨੇ ਮੰਦਰ ਵਿਚ ਪੀਲੇ-ਕੇਸਰ ਕੱਪੜੇ ਪਾ ਕੇ ਪੂਰੀ ਕੀਤੀ।

ਹਰ ਐਤਵਾਰ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਇਸ ਮੰਦਰ ਵਿਚ ਇਕੱਠੇ ਹੁੰਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਉਂਝ ਬਾਕੀ ਦਿਨਾਂ ਵਿਚ ਵੀ ਪੂਜਾ ਜਾਰੀ ਰਹਿੰਦੀ ਹੈ। ਅਮਰੀਕਾ ਵਿਚ ਬਣਿਆ ਇਹ ਮੰਦਰ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਵਿਚ ਸਥਿਤ ਸ੍ਰੀ ਵੈਂਕਟੇਸ਼ਵਰਾ ਮੰਦਰ ਦਾ ਹੀ ਇਕ ਰੂਪ ਹੈ। ਭਗਵਾਨ ਵੈਂਕਟੇਸ਼ਵਰਾ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ।

ਇਹ ਭਾਰਤ ਵਿਚ ਸਥਿਤ ਮੰਦਰ ਦੀ ਤੁਲਨਾ ਵਿਚ ਛੋਟਾ ਹੈ, ਪਰ ਇਸ ਮੰਦਰ ਦੀ ਅਮਰੀਕਾ ਵਿਚ ਬਹੁਤ ਮਾਨਤਾ ਹੈ। ਇਸ ਕਰਕੇ, ਇਹ ਅਮਰੀਕਾ ਦੇ ਮੁੱਖ ਮੰਦਰਾਂ ਵਿੱਚੋਂ ਇਕ ਹੈ।