ਦੇਸ਼-ਦੁਨੀਆ

ਮਨੋਹਰ ਲਾਲ ਖੱਟੜ ਨੇ ‘ਡਾਇਲ 112’ ਦਾ ਕੀਤਾ ਸ਼ੁੱਭ ਆਰੰਭ

ਫ਼ੈਕ੍ਟ ਸਮਾਚਾਰ ਸੇਵਾ
ਪੰਚਕੂਲਾ ਜੁਲਾਈ 12
ਹਰਿਆਣਾ ਵਿਚ ਹੁਣ ਪੁਲਸ, ਐਂਬੂਲੈਂਸ ਅਤੇ ਅੱਗ ਬੁਝਾਊ ਦਸਤੇ ਦੀ ਤੁਰੰਤ ਮਦਦ ਲਈ ਲੋਕਾਂ ਨੂੰ ਵੱਖ-ਵੱਖ ਨੰਬਰ ਡਾਇਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਸਰਕਾਰ ਨੇ ਲੋਕਾਂ ਦੀ ਇਸ ਸਹੂਲਤ ਨੂੰ ਆਸਾਨ ਕਰ ਦਿੱਤਾ ਹੈ। ਹੁਣ ਸਿਰਫ 112 ਨੰਬਰ ਯਾਦ ਰੱਖਣਾ ਹੈ, ਇਸ ਨੰਬਰ ’ਤੇ ਇਹ ਸੇਵਾਵਾਂ ਮਿਲ ਜਾਣਗੀਆਂ। ਇਸ ਦਾ ਸ਼ੁੱਭ ਆਰੰਭ ਸੋਮਵਾਰ ਯਾਨੀ ਕਿ ਅੱਜ ਪ੍ਰਦੇਸ਼ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਗ੍ਰਹਿ ਮੰਤਰੀ ਅਨਿਲ ਵਿਜ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਪੁਲਸ ਜਨਰਲ ਡਾਇਰੈਕਟਰ ਮਨੋਜ ਯਾਦਵ ਵੀ ਮੌਜੂਦ ਰਹੇ। ਦੱਸਣਯੋਗ ਹੈ ਕਿ ਪ੍ਰਦੇਸ਼ ਸਰਕਾਰ ਦੇ ਸੀ-ਡੇਕ (ਸੈਂਟਰ ਫਾਰ ਡਿਵਲਪਮੈਂਟ ਆਫ ਐਡਵਾਂਸ ਕੰਪਿਊਟਿੰਗ) ਦੇ ਜ਼ਰੀਏ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈ. ਆਰ. ਐੱਸ. ਐੱਸ.) ਪ੍ਰਾਜੈਕਟ ਦੀ ਸਥਾਪਨਾ ਕੀਤੀ ਹੈ। ਪੰਚਕੂਲਾ ’ਚ ਇਸ ਦਾ ਸੂਬਾ ਪੱਧਰੀ ਕੰਟਰੋਲ ਰੂਮ ਬਣਾਇਆ ਗਿਆ ਹੈ। ਸੀ-ਡੇਕ ਨੂੰ ਕਰੀਬ 152 ਕਰੋੜ ਰੁਪਏ ਦੇ ਭੁਗਤਾਨ ਤੋਂ ਇਲਾਵਾ 90 ਕਰੋੜ ਰੁਪਏ ਦੀ ਲਾਗਤ ਨਾਲ 630 ਨਵੇਂ ਐਮਰਜੈਂਸੀ ਰਿਸਪਾਂਸ ਵ੍ਹੀਕਲ ਦੀ ਖਰੀਦ ਵੀ ਕੀਤੀ ਗਈ ਹੈ। ਇਹ ਵ੍ਹੀਕਲ ਵੱਖ-ਵੱਖ ਐਮਰਜੈਂਸੀ ਯੰਤਰਾਂ ਨਾਲ ਲੈੱਸ ਹੋਣਗੇ। ਈ. ਆਰ. ਐੱਸ. ਐੱਸ. ਪੁਲਸ ਦਾ ਸਭ ਤੋਂ ਮਹੱਤਵਪੂਰਨ ਅਤੇ ਵੱਡਾ ਪ੍ਰਾਜੈਕਟ ਹੈ, ਜੋ ਪ੍ਰਦੇਸ਼ ਦੇ ਲੋਕਾਂ ਨੂੰ ਨਾ ਸਿਰਫ਼ ਪੁਲਸ ਐਮਰਜੈਂਸੀ ਸੇਵਾਵਾਂ, ਸਗੋਂ ਕਿ ਹੋਰ ਐਮਰਜੈਂਸੀ ਸੇਵਾਵਾਂ ਜਿਵੇਂ- ਅੱਗ ਬੁਝਾਊ ਦਸਤੇ ਅਤੇ ਐਂਬੂਲੈਂਸ ਤੱਕ ਵੀ ਮੁਹੱਈਆ ਕਰਵਾਏਗਾ। ਹਰਿਆਣਾ ਦੇ ਸ਼ਹਿਰੀ ਖੇਤਰਾਂ ’ਚ ਕਾਲ ਕਰਨ ’ਤੇ 15 ਮਿੰਟ ਦੇ ਅੰਦਰ ਅਤੇ ਪੇਂਡੂ ਖੇਤਰਾਂ ਵਿਚ 30 ਮਿੰਟ ਦੇ ਅੰਦਰ ਐਂਮਰਜੈਂਸੀ ਪੁਲਸ ਸੇਵਾਵਾਂ ਉਪਲੱਬਧ ਹੋਣਗੀਆਂ।