ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਇੰਗਲੈਂਡ ਦੇ ਖਿਡਾਰੀਆਂ ’ਤੇ ਨਸਲੀ ਟਿੱਪਣੀ ਦੀ ਨਿਖੇਧੀ

ਫ਼ੈਕ੍ਟ ਸਮਾਚਾਰ ਸੇਵਾ ਲੰਡਨ , ਜੁਲਾਈ 12

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ ਦੇ 3 ਗੈਰ ਗੋਰੇ ਖਿਡਾਰੀਆਂ ਪ੍ਰਤੀ ਨਸਲੀ ਟਿੱਪਣੀ ਦੀ ਨਿੰਦਾ ਕੀਤੀ ਜੋ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੈਨਲਟੀ ਸ਼ੂਟ ਆਊਟ ਵਿਚ ਇਟਲੀ ਦੇ ਖ਼ਿਲਾਫ਼ ਗੋਲ ਕਰਨ ਤੋਂ ਖੁੰਝ ਗਏ ਸਨ। ਜਾਨਸਨ ਨੇ ਟਵੀਟ ਕੀਤਾ ਕਿ ‘ਇਸ ਤਰ੍ਹਾਂ ਦੇ ਘਟੀਆ ਵਤੀਰੇ ਲਈ ਜ਼ਿੰਮੇਦਾਰ ਲੋਕਾਂ ਨੂੰ ਖ਼ੁਦ ’ਤੇ ਸ਼ਰਮ ਆਉਣੀ ਚਾਹੀਦੀ ਹੈ। ਐਤਵਾਰ ਰਾਤ ਹੋਏ ਫਾਈਨਲ ਵਿਚ ਮਾਰਕਸ ਰਸ਼ਫੋਰਡ ਦੀ ਪੈਨਲਟੀ ਗੋਲ ਪੋਸਟ ਨਾਲ ਟਕਰਾ ਗਈ ਸੀ, ਜਦੋਂਕਿ ਬੁਕਾਇਓ ਸਾਕਾ ਅਤੇ ਜੇਡਨ ਸਾਂਚੋ ਦੀ ਪੈਨਲਟੀ ਨੂੰ ਇਟਲੀ ਦੇ ਗੋਲਕੀਪਰ ਨੇ ਰੋਕ ਦਿੱਤਾ। ਨਿਯਤਿਮ ਅਤੇ ਵਾਧੂ ਸਮੇਂ ਵਿਚ ਮੁਕਾਬਲਾ 1-1 ਨਾਲ ਬਰਾਬਰ ਰਹਿਣ ਦੇ ਬਾਅਦ ਇਟਲੀ ਨੇ ਪੈਨਲਟੀ ਸ਼ੂਟ ਆਊਟ ਵਿਚ 3-2 ਨਾਲ ਜਿੱਤ ਦਰਜ ਕੀਤੀ।

19 ਸਾਲ ਦੇ ਸਾਕਾ ਫ਼ੈਸਲਾਕੁੰਨ ਪੈਨਲਟੀ ਨੂੰ ਗੋਲ ਵਿਚ ਬਦਲਣ ਵਿਚ ਨਾਕਾਮ ਰਹੇ, ਜਿਸ ਨਾਲ ਇਟਲੀ ਨੇ ਖ਼ਿਤਾਬ ਜਿੱਤਿਆ ਅਤੇ ਇੰਗਲੈਂਡ ਦੀ ਟੀਮ 1966 ਵਿਸ਼ਵ ਕੱਪ ਦੇ ਬਾਅਦ ਆਪਣਾ ਪਹਿਲਾ ਵੱਡਾ ਖ਼ਿਤਾਬ ਜਿੱਤਣ ਵਿਚ ਨਾਕਾਮ ਰਹੀ। ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਤੁਰੰਤ ਸੋਸ਼ਲ ਮੀਡੀਆ ’ਤੇ ਨਸਲੀ ਵਤੀਰੇ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਦੇ ਫੁੱਟਬਾਲ ਸੰਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇਸ ‘ਘਟੀਆ ਵਤੀਰੇ’ ਨਾਲ ਹੈਰਾਨ ਹਨ। ਲੰਡਨ ਪੁਲਸ ਨੇ ਇਸ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ‘ਹਮਲਾਵਰ ਅਤੇ ਨਸਲੀ’ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰਨਗੇ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਕਦਮ ਚੁੱਕਣ।

ਉਨ੍ਹਾਂ ਟਵੀਟ ਕੀਤਾ ਕਿ ਫੁੱਟਬਾਲ ਜਾਂ ਕਿਤੇ ਹੋਰ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ। ਘਟੀਆ ਆਨਲਾਈਨ ਵਤੀਰੇ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਨਫ਼ਰਤ ਤੋਂ ਬਚਣ ਅਤੇ ਹਟਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

More from this section