ਪੰਜਾਬ

ਬੈਂਕਾਂ ਦੇ ਕੰਮਕਾਜ ਦੀ ਤਿਮਾਹੀ ਸਮੀਖਿਆ, ਪ੍ਰਾਥਮਿਕ ਸੈਕਟਰ ਵਿਚ ਵਿੱਤੀ ਮਦਦ ਮੁਹਈਆ ਕਰਵਾਉਣ ਨੂੰ ਤਰਜੀਹ ਦੇਣ ਲਈ ਕਿਹਾ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਜੂਨ 29
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ  ਤੇ ਸਹਾਇਕ ਕਮਿਸ਼ਨਰ ਜਨਰਲ  ਕੰਵਰਜੀਤ ਸਿੰਘ ਨੇ ਅੱਜ ਬੈਂਕਾਂ ਤੇ ਕੰਮਕਾਜ ਦੀ ਤਿਮਾਹੀ ਸਮੀਖਿਆ ਲਈ ਬੈਂਕਾਂ ਅਤੇ ਸਬੰਧਤ ਵਿਭਾਗਾਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਉਨਾਂ ਨੇ ਬੈਂਕਾਂ ਨੂੰ ਕਿਹਾ ਕਿ ਉਹ ਸਰਕਾਰ ਦੇ ਪ੍ਰਥਾਮਿਕ ਸੈਕਟਰ ਨੂੰ ਤਰਜੀਹੀ ਅਧਾਰ ਤੇ ਵਿੱਤ ਮੁਹਈਆ ਕਰਵਾਉਣ ਤਾਂ ਜੋ ਇਸ ਨਾਲ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੇ ਨਾਲ ਨਾਲ ਉਤਪਾਦਨ ਵੀ ਵਧੇ ਜਿਸ ਨਾਲ ਰਾਸ਼ਟਰ ਦੇ ਵਿਕਾਸ ਵਿਚ ਤੇਜੀ ਆਵੇ। ਉਨਾਂ ਨੇ ਦੱਸਿਆ ਕਿ ਪਿੱਛਲੇ ਸਾਲ ਦੌਰਾਨ ਜ਼ਿਲੇ ਵਿਚ ਖੇਤੀਬਾੜੀ ਸੈਕਟਰ ਨੂੰ ਬੈਂਕਾਂ ਵੱਲੋਂ 1288 ਕਰੋੜ ਦਾ ਵਿੱਤ ਸਰਕਾਰੀ ਬੈਂਕਾਂ, 966 ਕਰੋੜ ਦਾ ਵਿੱਤ ਪ੍ਰਾਈਵੇਂਟ ਬੈਂਕਾਂ ਵੱਲੋਂ, 456 ਕਰੋੜ ਰੁਪਏ ਗ੍ਰਾਮਿਣ ਬੈਂਕਾਂ ਵੱਲੋਂ ਅਤੇ 597 ਕਰੋੜ ਰੁਪਏ ਸਹਿਕਾਰੀ ਬੈਂਕਾਂ ਵੱਲੋਂ  ਮੁਹਈਆ ਕਰਵਾਏ ਗਏ। ਇਸ ਤੋਂ ਬਿਨਾਂ ਜ਼ਿਲੇ ਵਿਚ ਐਮਐਸਐਮਈ ਨੂੰ 474 ਕਰੋੜ ਰੁਪਏ ਦੇ ਕਰਜ ਦਿੱਤੇ ਗਏ। ਬੈਠਕ ਦੌਰਾਨ ਉਨਾਂ ਨੇ ਉਦਯੋਗ ਵਿਭਾਗ, ਮੱਛੀ ਪਾਲਣ, ਖੇਤੀ, ਪਸ਼ੁ ਪਾਲਣ, ਡੇਅਰੀ, ਬਾਗਬਾਨੀ, ਖੇਤੀਬਾੜੀ ਵਿਭਾਗਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਬੈਂਕਾਂ ਦੀ ਮਦਦ ਨਾਲ ਸਹਾਇਕ ਧੰਦੇ ਸ਼ੁਰੂ ਕਰਵਾਉਣ ਵਿਚ ਮਦਦ ਕਰਨ। ਇਸ ਮੌਕੇ ਜ਼ਿਲਾ ਲੀਡ ਬੈਂਕ ਮੈਨੇਜਰ  ਰਾਜੇਸ਼ ਕੁਮਾਰ ਚੌਧਰੀ ਨੇ ਬੈਂਕਾਂ ਦੀ ਕਾਰਗੁਜਾਰੀ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਰਣਦੀਪ ਹਾਂਡਾ ਵੀ ਹਾਜਰ ਸਨ।