ਧਰਮ ਤੇ ਵਿਰਸਾ

ਬੇਅਦਬੀ ਦੇ ਰੋਸ ਵਿਚ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਬਲਜੀਤ ਸਿੰਘ ਦਾਦੂਵਾਲ

ਫੈਕਟ ਸਮਾਚਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਸਤੰਬਰ 14

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਆਪਣੇ ਸਾਥੀਆਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਨਤਮਸਤਕ ਹੋਣ ਲਈ ਪੁੱਜੇ, ਉੱਥੇ ਉਨ੍ਹਾਂ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾ ਅਕਾਲੀ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਰੁਕੀਆਂ ਅਤੇ ਨਾ ਹੁਣ।

ਉਹਨਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰਬੰਧਾਂ ਦੀ ਕੋਈ ਘਾਟ ਨਹੀਂ ਹੈ , ਸੇਵਾਦਾਰ ਹਰ ਸਮੇਂ ਮੌਜੂਦ ਰਹਿੰਦੇ ਹਨ ਪਰੰਤੂ ਜੇਕਰ ਇਸ ਅਸਥਾਨ ਦੇ ਉੱਤੇ ਕੋਈ ਵਿਅਕਤੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਨ੍ਹਾਂ ਅਸਥਾਨਾਂ ਤੇ ਜਿੱਥੇ ਸੇਵਾਦਾਰ ਨਹੀਂ ਹੁੰਦੇ, ਉਥੇ ਅਜਿਹੀਆਂ ਘਟਨਾਵਾਂ ਬੜੇ ਸੌਖਿਆਂ ਹੀ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੇਅਦਬੀਆਂ ਦੀਆਂ ਘਟਨਾਵਾਂ ਕਰਨ ਵਾਲੇ ਵਿਅਕਤੀ ਸਿਰਫ ਕਹਿੰਦੇ ਹਨ ਇਨ੍ਹਾਂ ਦੇ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਵਿਅਕਤੀ ਹਨ ਅਤੇ ਉਨ੍ਹਾਂ ਮਾਸਟਰਮਾਈਂਡ ਵਿਅਕਤੀਆਂ ਨੂੰ ਪੜ੍ਹ ਕੇ ਇਨ੍ਹਾਂ ਪੂਰੇ ਮਾਮਲਿਆਂ ਨੂੰ ਬਰੀਕੀ ਨਾਲ ਘੋਖਣਾ ਚਾਹੀਦਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਮੌਕੇ ਜਿੱਥੇ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਉਥੇ ਮੌਜੂਦਾ ਸਮੇਂ ਦੇ ਵਿਚ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਮੌਜੂਦਾ ਸਰਕਾਰ ਵੀ ਜਿੱਥੇ ਹਰ ਫਰੰਟ ਤੇ ਫੇਲ੍ਹ ਹੋਈ ਹੈ, ਉਥੇ ਬੇਅਦਬੀਆਂ ਦੇ ਮਸਲੇ ਦੇ ਵਿੱਚ ਅਜੇ ਤੱਕ ਕੋਈ ਸਾਰਥਿਕ ਨਤੀਜੇ ਸਰਕਾਰ ਵੱਲੋਂ ਦੇਖਣ ਨੂੰ ਨਹੀਂ ਮਿਲੇ ਹਨ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਦੇ ਨਾਲ ਝੂਠੇ ਵਾਅਦੇ ਕੀਤੇ ਗਏ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ।