ਪੰਜਾਬ

ਬਾਗਬਾਨੀ ਵਿਭਾਗ ਵੱਲੋਂ ਮੰਡੀ ਰੋੜਾਂ ਵਾਲੀ ਵਿੱਚ ਕਿਸਾਨ ਸਿਖਲਾਈ ਕੈਂਪ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਸਤੰਬਰ 28
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਮੰਡੀ ਰੋੜਾਂ ਵਾਲੀ , ਜ਼ਿਲ੍ਹਾ ਫਾਜ਼ਿਲਕਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਮਨਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ  ਨਵੇਂ ਬਾਗਾਂ  ਦੀ ਵਿਉਂਤਬੰਦੀ, ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਦੇ ਸੈਂਪਲ ਲੈਣ ਦੇ ਢੰਗ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਬੂਟੇ ਹਮੇਸ਼ਾ ਭਰੋਸੇਯੋਗ ਨਰਸਰੀ ਤੋਂ ਖਰੀਦਣੇ ਚਾਹੀਦੇ ਹਨ। ਡਾ. ਬਰਾੜ ਵੱਲੋਂ ਦੱਸਿਆ ਕਿ ਕਈ ਕਿਸਾਨ ਕਿਨੂੰ/ਮਾਲਟੇ ਦੇ ਬੂਟੇ ਦੋ ਸਾਲ ਜਾਂ ਵੱਡੀ ਉਮਰ ਦੇ ਬੂਟੇ ਨਰਸਰੀ ਤੋਂ ਖਰੀਦ ਕੇ ਬਾਗ ਲਗਾ ਰਹੇ ਹਨ ਜੋ ਕਿ ਠੀਕ ਨਹੀਂ ਹੈ ਕਿਉਂਕਿ ਵੱਡੇ ਬੂਟੇ ਦੀਆਂ ਜੜ੍ਹਾਂ ਦਾ ਜਿੰਨਾ ਵੀ ਵਾਧਾ ਹੁੰਦਾ ਹੈ, ਬੂਟਾ ਕੱਢਣ ਲੱਗਿਆਂ ਕਾਫੀ ਜੜ੍ਹਾਂ ਕੱਟੀਆਂ ਜਾਂਦੀਆਂ ਹਨ ਜਿਸ ਨਾਲ ਬੂਟੇ ਨੂੰ ਝਟਕਾ ਲੱਗਦਾ ਹੈ ਅਤੇ ਇਹ ਬੂਟੇ ਜਲਦੀ ਨਹੀਂ ਚਲਦੇ ਅਤੇ ਮਰ ਵੀ ਜਾਂਦੇ ਹਨ ਜਾਂ ਇਹਨਾਂ ਦਾ ਵਾਧਾ ਬਹੁਤ ਹੌਲੀ-ਹੌਲੀ ਹੁੰਦਾ ਹੈ। ਇਸ ਲਈ ਦੋ ਸਾਲ ਜਾਂ ਵ਼ੱਡੀ ਉਮਰ ਦੇ ਬੂਟੇ ਖਰੀਦਣ ਦੀ ਬਜਾਏ ਇੱਕ ਸਾਲ ਦੇ ਬੂਟੇ ਨੂੰ ਤਰਜੀਹ ਦਿੱਤੀ ਜਾਵੇ। ਸਭ ਤੋਂ ਵਧੀਆ ਗੱਲ ਹੈ ਕਿ ਪੋਲੀਬੈਗਸ ਵਿੱਚ ਤਿਆਰ ਕੀਤੇ ਬੂਟੇ ਹੀ ਖਰੀਦੇ ਜਾਣ। ਉਹਨਾਂ ਨੇ ਹਾਜ਼ਰ ਕਿਸਾਨਾਂ ਨੂੰ ਖਾਦਾਂ  ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਗਾਂ ਵਿੱਚ ਖਾਦਾਂ ਅਤੇ ਸੂਖਮ ਤੱਤਾਂ ਦੀ ਵਰਤੋਂ ਮਿੱਟੀ ਅਤੇ ਪੱਤਿਆਂ ਦੀ ਪਰਖ ਕਰਵਾਉਣ ਉਪਰੰਤ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ।  ਕਿਸਾਨਾਂ ਨੂੰ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਦੱਸਦਿਆਂ ਅਪੀਲ ਕੀਤੀ ਗਈ ਕਿ ਕਿਸਾਨ ਆਪਣੇ ਪਰਿਵਾਰ ਦੀ ਰੋਜ਼ਮਰਾ ਲੋੜ ਅਨੁਸਾਰ ਜ਼ਹਿਰ ਮੁਕਤ ਸਬਜ਼ੀਆਂ ਆਪ ਪੈਦਾ ਕਰਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸਿਟਰਸ ਅਸਟੇਟ ਵੱਲੋਂ ਜਿਮੀਦਾਰਾਂ ਨੂੰ ਮਸ਼ੀਨਰੀ ਕਿਰਾਏ ਦੇ ਦੇਣ ਅਤੇ ਕੌਮੀ ਬਾਗਬਾਨੀ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ. ਸੁਖਜਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ(ਪੈਥੋਲੋਜੀ) ਵੱਲੋਂ ਬੀਮਾਰੀਆਂ/ਕੀੜੇ-ਮਕੌੜਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਹੱਈਆਂ ਕਰਵਾਈਆਂ ਗਈਆਂ। ਅੰਤ ਵਿੱਚ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ। ਇਸ  ਮੌਕੇ ਰਾਮ ਕੁਮਾਰ ਬਾਗਬਾਨੀ ਤਕਨੀਕੀ ਸਹਾਇਕ ਅਤੇ ਗੁਰਜਿੰਦਰ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਗੁਰਭੇਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।