ਬਹਿਬਲ ਕਲਾਂ ਮਾਮਲਾ : ਪੁਲਿਸ ਅਧਿਕਾਰੀ ਕੁੰਵਰ ਨੇ ਆਪਣੀ ਅਸਤੀਫੇ ਨੂੰ ਮੁੜ ਤਸਦੀਕ ਕੀਤਾ , ਰਾਜਪਾਲ ਨਾਲ ਕੀਤੀ ਮੁਲਾਕਾਤ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, 16 ਅਪ੍ਰੈਲ – ਪੰਜਾਬ ਵਿਚ ਸਿਆਸੀ ਉੱਥਲ ਪੁੱਥਲ ਮਚਾਉਣ ਵਾਲੇ ਅਤੇ ਪਿਛਲੀ ਅਕਾਲੀ ਸਰਕਾਰ ਲਈ ਸੰਕਟ ਬਣੇ ਕੋਟਕਪੂਰਾ ਫਾਇਰਿੰਗ ਮਾਮਲੇ ਦੇ ਪੁਲਿਸ ਜਾਂਚ ਅਧਿਕਾਰੀ ਅਤੇ ਐਸ.ਆਈ.ਟੀ. ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਪੱਕੇ ਤੌਰ ‘ਤੇ ਅਸਤੀਫਾ ਦੇ ਦਿੱਤਾ ਹੈ। ਉਹ ਅੱਜ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਖੇ ਮਿਲੇ। ਰਾਜਪਾਲ ਦੇ ਨਿਵਾਸ ਤੋਂ ਬਾਹਰ ਆਏ ਉਕਤ ਪੁਲਿਸ ਅਧਿਕਾਰੀ ਨੇ ਰਾਜਪਾਲ ਨਾਲ ਆਪਣੀ ਮੀਟਿੰਗ ਨੂੰ ਆਪਣੀ ਮਹੀਨਾਵਾਰ ਨਿੱਜੀ ਮੀਟਿੰਗ ਦਾ ਹਿੱਸਾ ਦੱਸਿਆ ਹੈ , ਪਰ ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਅਸਤੀਫੇ ਲਈ ਰਾਜੀ ਕਰ ਲਿਆ ਸੀ ਅਤੇ ਉਨ੍ਹਾਂ ਦਾ ਅਸਤੀਫਾ ਬਰਕਰਾਰ ਹੈ। ਪਰ ਹੁਣ ਫਿਰ ਇਕ ਨਵਾਂ ਪ੍ਰਸ਼ਨ ਖੜਾ ਹੋ ਗਿਆ ਹੈ ਕਿ ਜੇਕਰ ਮੁੱਖ ਮੰਤਰੀ ਨੇ ਇਸ ਪੁਲਿਸ ਅਧਿਕਾਰੀ ਦਾ ਅਸਤੀਫਾ ਮੰਜੂਰ ਕਰ ਲਿਆ ਸੀ ਤਾਂ ਫਿਰ ਅੱਜ ਰਾਜਪਾਲ ਦੀ ਮੀਟਿੰਗ ਦੇ ਕੀ ਅਰਥ ਸਨ। ਕੁਛ ਦਿਨ ਪਹਿਲਾਂ ਹੀ ਇਸ ਪੁਲਿਸ ਅਧਿਕਾਰੀ ਵੱਲੋ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਰੱਦ ਕਰ ਚੁੱਕੇ ਹਨ। ਪਰ ਆਪਣੇ ਫੈਸਲੇ ‘ਤੇ ਪੱਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਵੀ ਆਪਣੇ ਅਸਤੀਫੇ ਨੂੰ ਪੱਕਾ ਦੱਸਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਕੋਟਕਪੂਰਾ ਗੋਲੀਕਾਂਡ ਅਤੇ ਹਾਈ ਕੋਰਟ ਵੱਲੋ ਸਰਕਾਰ ਵੱਲੋ ਗਠਿਤ ਐੱਸ ਆਈ ਟੀ ਦੀ ਜਾਂਚ ਨੂੰ ਰੱਦ ਕਰਨ ਦੇ ਮਾਮਲੇ ‘ਤੇ ਅੱਜ ਦੁਪਹਿਰ ਨੂੰ ਹੀ ਮੀਟਿੰਗ ਸੱਦ ਲਈ ਹੈ, ਜਿਸ ਵਿਚ ਕਈ ਮੰਤਰੀਆਂ ਦੇ ਸ਼ਾਮਿਲ ਹੋਣ ਦੀ ਵੀ ਸੰਭਾਵਨਾ ਹੈ । ਦੱਸ ਦੇਈਏ ਕਿ ਪੰਜਾਬ ਦੇ ਚਰਚਿਤ ਬੇਹਬਲ ਕਲਾਂ ਗੋਲੀਕਾਂਡ ਲਈ ਪੰਜਾਬ ਸਰਕਾਰ ਵੱਲੋ ਗਠਿਤ ਐਸ.ਆਈ.ਟੀ. ਦੀ ਜਾਂਚ ਐਸ.ਆਈ.ਟੀ. ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਨਾਲ ਨਾਲ ਹੋਰਨਾਂ ਮੈਂਬਰਾਂ ਵੱਲੋ ਹੀ ਕੀਤੀ ਜਾ ਰਹੀ ਸੀ। ਪਰ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋ ਆਪਣੀ ਜਾਂਚ ਤੋਂ ਪਹਿਲਾਂ ਹੀ ਮੀਡੀਆ ਨੇ ਦਿੱਤੀਆਂ ਇੰਟਰਵਿਊ ਕਾਰਣ ਉਹ ਵਿਵਾਦਾਂ ਵਿਚ ਆ ਗਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਇਸ ਕੇਸ ਸਬੰਧ‌ੀ ਹੋਈ ਜਾਂਚ ਨੂੰ ਖਾਰਜ ਕਰ ਦਿੱਤਾ ਗਿਆ ਤੇ ਇਸ ਕੇਸ ਨਾਲ ਜੁੜੇ ਐਸ.ਆਈ.ਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ‘ਚੋਂ ਬਾਹਰ ਰੱਖਣ ਦੀ ਗੱਲ ਵੀ ਕਹੀ। ਇਸਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ , ਜੋ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋ ਰੱਦ ਕਰ ਦਿੱਤਾ ਗਿਆ। ਐਥੇ ਇਹ ਵੀ ਦੱਸਣਾ ਜਰੂਰੀ ਹੋਵੇਗਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਇਸ ਮਾਮਲੇ ਵਿਚ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੇ ਹਨ । ਇਸਦੇ ਨਾਲ ਹੀ ਉਨ੍ਹਾਂ ਨੇ ਬਾਦਲ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਸੀ। ਹਾਈ ਕੋਰਟ ਵੱਲੋ ਐੱਸ ਆਈ ਟੀ ਦੀ ਜਾਂਚ ਨੂੰ ਰੱਦ ਕਰਨ ਨਾਲ ਅਕਾਲੀ ਦਲ ਨੂੰ ਵੱਡੀ ਰਾਹਤ ਮਿਲੀ ਸੀ ਅਤੇ ਸੱਤਾਧਾਰੀ ਕਾਂਗਰਸ ਲਈ ਇਹ ਸੰਕਟ ਵਰਗੀ ਘੜੀ ਸੀ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇ ਸੱਤਾ ਵਿਚ ਆਉਣ ਦਾ ਇਕ ਵੱਡਾ ਆਧਾਰ ਬਹਿਬਲ ਕਲਾਂ ਮਾਮਲੇ ‘ਤੇ ਕਾਂਗਰਸ ਵੱਲੋ ਵੱਡੀ ਕਾਰਵਾਈ ਦਾ ਲੋਕਾਂ ਨੂੰ ਭਰੋਸਾ ਦੇਣਾ ਸੀ। ਹੁਣ ਅੱਜ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਅੰਮ੍ਰਿਤਸਰ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹੀ ਇੰਨ੍ਹਾ ਮੁੱਦਿਆਂ ‘ਤੇ ਬਣੀ ਸੀ ਅਤੇ ਇਸ ਫੈਸਲੇ ਨਾਲ ਪੰਜਾਬ ਦੇ ਲੋਕ ਠੱਗੇ ਮਹਿਸੂਸ ਕਰ ਰਹੇ ਹਨ।

More from this section