ਪੰਜਾਬ

ਪੰਜਾਬ ਸਰਕਾਰ ਨੇ ਘੱਟ ਪੜ੍ਹੇ ਲਿਖੇ ਨੌਜਵਾਨਾਂ ਨੂੰ ਪੈਰਾਂ ’ਤੇ ਖੜਾ ਕਰਨ ਲਈ ਸ਼ੁਰੂ ਕੀਤਾ ਵਿਸ਼ੇਸ਼ ਪ੍ਰੋਜੈਕਟ : ਅਪਨੀਤ ਰਿਆਤ

ਫ਼ੈਕ੍ਟ ਸਮਾਚਾਰ ਸੇਵਾ ਹੁਸ਼ਿਆਰਪੁਰ, ਜੁਲਾਈ 4

ਜ਼ਰੂਰਤਮੰਦਾਂ ਨੂੰ ਰੋਜ਼ਗਾਰ ਦਿਵਾਉਣ ਤੇ ਸਵੈਰੋਜ਼ਗਾਰ ਦੇ ਕਾਬਲ ਬਨਾਉਣ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਅੱਜ ਮਿਸਟਰ ਕਲੀਨ ਨਾਮ ਨਾਲ ਇਕ ਹੋਰ ਸ਼ਾਨਦਾਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਆਯੋਜਿਤ ਸਮਾਗਮ ਵਿੱਚ ਪੰਜਾਬ ਦੇ ਪਹਿਲੇ ਇਸ ਬੇਹਤਰੀਨ ਪ੍ਰੋਜੈਕਟ ਦੀ ਵਿਧੀਵੱਧ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਰਵਾਈ। ਇਸ ਪ੍ਰੋਜੈਕਟ ਰਾਹੀਂ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਸ਼ਹਿਰ ਦੇ ਵਾਰਡਾਂ ਵਿੱਚ ਡੋਰ ਸਟੈਪ ’ਤੇ ਲੋਕਾਂ ਨੂੰ ਵਾਜਬ ਭਾਅ ’ਤੇ ਕਾਰ ਵਾਸ਼ਿੰਗ ਦੀ ਸੁਵਿਧਾ ਉਪਲਬੱਧ ਕਰਵਾਈ ਜਾਵੇਗੀ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਘੱਟ ਪੜ੍ਹੇ ਲਿਖੇ, ਗਰੀਬ, ਜ਼ਰੂਰਤਮੰਦ ਬੇਰੋਜ਼ਗਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ ’ਤੇ ਖੜ੍ਹਾ ਕਰਨ ਲਈ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਦੌਰਾਨ ਉਨ੍ਹਾਂ ਮਿਸਟਰ ਕਲੀਨਜ਼ ਨੂੰ ਟਰੇਨਿੰਗ ਸਰਟੀਫਿਕੇਟ ਅਤੇ ਵਾਸ਼ਿੰਗ ਕਿੱਟਾਂ ਵੀ ਵੰਡੀਆਂ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ’ਚ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਾਰ ਵਾਸ਼ਿੰਗ ਲਈ ਕੀਤਾ ਰਵਾਨਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੇਕਟ ਦੀ ਸ਼ੁਰੂਆਤ ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ਤੋਂ ਕੀਤੀ ਗਈ ਹੈ ਜਿਸ ਤਹਿਤ ਸ਼ਹਿਰ ਦੇ ਹਰ ਵਾਰਡ ਵਿੱਚ ਲੋਕਾਂ ਦੇ ਘਰ ਵਿੱਚ ਹੀ ਕਾਰ ਵਾਸ਼ਿੰਗ ਲਈ ਮਿਸਟਰ ਕਲੀਨ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਕ ਤਰ੍ਹਾਂ ਜਿਥੇ ਜ਼ਰੂਰਤਮੰਦਾਂ ਨੂੰ ਸਵੈਰੋਜ਼ਗਾਰ ਮੁਹੱਈਆ ਹੋਇਆ ਹੈ, ਉਥੇ ਜਨਤਾ ਨੂੰ ਘਰ ਬੈਠੇ ਹੀ ਰੋਜ਼ਾਨਾ ਕਾਰ ਵਾਸ਼ਿੰਗ ਵਰਗੀ ਸੁਵਿਧਾ 450 ਰੁਪਏ ਪ੍ਰਤੀ ਮਹੀਨਾ ਦੇ ਮਾਮੂਲੀ ਮਾਸਿਕ ਭੁਗਤਾਨ ’ਤੇ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਮਿਸਟਰ ਕਲੀਨ ਨੂੰ ਇਕ ਹਾਈਟੈਕ ਵਾਸ਼ਿੰਗ ਕਿੱਟ ਜੋ ਕਿ ਸੋਨਾਲੀਕਾ ਟਰੈਕਟਰਜ਼ ਵਲੋਂ ਸੀ.ਐਸ.ਆਰ. ਪ੍ਰੋਜੈਕਟ ਤਹਿਤ ਦਿੱਤੀ ਗਈ ਹੈ। ਉਨ੍ਹਾਂ ਸੋਨਾਲੀਕਾ ਦੇ ਵਾਈਸ ਚੇਅਰਮੈਨ ਅਮ੍ਰਿਤ ਸਾਗਰ ਮਿੱਤਲ ਅਤੇ ਐਮ.ਡੀ. ਦੀਪਕ ਮਿੱਤਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਹਰ ਸਮਾਜ ਸੇਵਾ ਦੇ ਪ੍ਰੋਜੇਕਟ ਵਿੱਚ ਸੋਨਾਲੀਕਾ ਹਮੇਸ਼ਾਂ ਹੀ ਸਹਿਯੋਗ ਕਰਦਾ ਹੈ। ਉਨ੍ਹਾਂ ਮਿਸਟਰ ਕਲੀਨਜ਼ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਰਾਹੀਂ ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ ਦੇਣ ਲਈ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਐਮ.ਡੀ. ਅਜਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮਿਸਟਰ ਕਲੀਨ ਨੂੰ ਵਾਸ਼ਿੰਗ ਕਿੱਟ, ਟਰੇਨਿੰਗ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਕਲਾਇੰਟਸ ਵੀ ਦਿੱਤੇ ਗਏ ਹਨ ਤਾਂ ਜੋ ਉਹ ਹਰ ਮਹੀਨੇ ਇਕ ਚੰਗੀ ਆਮਦਨ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਸਰਕਾਰੀ ਵਿਭਾਗਾਂ ਅਤੇ ਇੰਡਸਟਰੀ ਦੇ ਸਹਿਯੋਗ ਨਾਲ ਹੋਰ ਮਿਸਟਰ ਕਲੀਨਜ਼ ਨੂੰ ਇਸ ਪ੍ਰੋਜੇਕਟ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਸਵੈਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਘੱਟ ਪੜ੍ਹੇ ਲਿਖੇ, ਜ਼ਰੂਰਤਮੰਦਾਂ, ਦਿਵਆਂਗਜਨ ਅਤੇ ਸਮਾਜ ਦੇ ਹੋਰ ਪੱਛੜੇ ਵਰਗਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਦੇ ਕੇ ਇਸ ਮੁਸ਼ਕਲ ਘੜੀ ਵਿੱਚ ਯੁਵਕਾਂ ਦੇ ਆਤਮ ਵਿਸ਼ਵਾਸ਼ ਅਤੇ ਉਤਸ਼ਾਹ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਨੂੰ ਰੋਜਗਾਰ ਦੇ ਖੇਤਰ ਵਿੱਚ ਤਕਨੀਕ ਦੀ ਮਦਦ ਨਾਲ ਨਵੇਂ-ਨਵੇਂ ਯਤਨ ਕਰਕੇ ਰੋਜ਼ਗਾਰ ਦੇ ਪ੍ਰੋਸੈਸ ਨੂੰ ਆਸਾਨ ਬਨਾਉਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸੀ ਫਲਸਰੂਪ ਜ਼ਿਲ੍ਹਾ ਹੁਸ਼ਿਆਰਪੁਰ ਰੋਜ਼ਗਾਰ ਦੇ ਖੇਤਰ ਵਿੱਚ ਪੂਰੇ ਪੰਜਾਬ ਵਿੱਚ ਆਪਣੀ ਇਕ ਵਿਸ਼ੇਸ਼ ਪਹਿਚਾਣ ਬਨਾਉਣ ਵਿਚ ਕਾਮਯਾਬ ਹੋਇਆ ਹੈ।

ਇਸ ਮੌਕੇ ਸੋਨਾਲੀਕਾ ਇੰਡਸਟਰੀ ਵਲੋਂ ਜੇ.ਐਸ. ਚੌਹਾਨ, ਰਜਨੀਸ਼ ਸੰਦਲ, ਹੁਸ਼ਿਆਰਪੁਰ ਆਟੋਮੋਬਾਇਲਸ ਦੇ ਜੀ.ਐਮ. ਅਖਿਲੇਸ਼ ਸੂਦ ਨੇ ਵੀ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।