ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ ਵੱਲੋਂ ਭੁੱਖ ਹੜਤਾਲ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 06
ਅਧਿਆਪਕ ਮੰਗਾਂ ਸਬੰਧੀ ਪੰਜਾਬ ਫੈੱਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪਫੁਕਟੋ) ਦੇ ਸੱਦੇ ’ਤੇ ਅਧਿਆਪਕ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪੰਜ ਅਹੁਦੇਦਾਰਾਂ ਵੱਲੋਂ ’ਵਰਸਿਟੀ ਕੈਂਪਸ ਸਥਿਤ ਮੁੱਖ ਗੈਸਟ ਹਾਊਸ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪਹਿਲੇ ਦਿਨ ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਸਮੇਤ ਡਾ. ਨਿਤਿਨ ਅਰੋੜਾ ਅਤੇ ਇੰਦੂ ਧਵਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠੇ। ਪੂਟਾ ਦੇ ਸਾਬਕਾ ਸਕੱਤਰ ਪ੍ਰੋਫ਼ੈਸਰ ਜੇ.ਕੇ. ਗੋਸਵਾਮੀ ਨੇ ਹਾਰ ਪਹਿਨਾ ਕੇ ਹੜਤਾਲ ਸ਼ੁਰੂ ਕਰਵਾਈ। ਪੂਟਾ ਅਹੁਦੇਦਾਰਾਂ ਨੇ ਕਿਹਾ ਕਿ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਦਾ ਬੇੜਾ ਗਰਕ ਕਰਨ ’ਤੇ ਤੁਲੀ ਹੋਈ ਹੈ। ਨਵੀਂ ਪੀੜ੍ਹੀ ਨੂੰ ਸਿੱਖਿਆ ਦੇਣ ਲਈ ਨਵੀਂ ਭਰਤੀ ਰਾਹੀਂ ਆਉਣ ਵਾਲੇ ਅਧਿਆਪਕ ਵਰਗ ਲਈ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਨਾਲੋਂ ਵੱਖ ਕਰ ਦਿੱਤਾ ਗਿਆ ਹੈ। ਮੌਜੂਦਾ ਅਧਿਆਪਕਾਂ ਨੂੰ ਸੱਤਵਾਂ ਤਨਖਾਹ ਕਮਿਸ਼ਨ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੇਂ ਅਧਿਆਪਕਾਂ ਦੀ ਭਰਤੀ ਲਈ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਨਾਲੋਂ ਡੀ-ਲਿੰਕ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਨਹੀਂ ਲਿਆ ਜਾਂਦਾ ਅਤੇ ਮੌਜੂਦਾ ਅਧਿਆਪਕਾਂ ਲਈ ਸੱਤਵਾਂ ਤਨਖਾਹ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਂਦਾ, ਉਦੋਂ ਤੱਕ ਭੁੱਖ ਹੜਤਾਲ ਸਮੇਤ ਹੋਰ ਵੱਖ-ਵੱਖ ਢੰਗਾਂ ਨਾਲ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ।

More from this section