ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਧਰਨੇ ’ਚ ਪਹੁੰਚੇ ਮਲੂਕਾ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਅਗਸਤ 26
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਕਰਵਾਉਣ ਤੇ ਅਕਾਦਮਿਕ ਮਾਹੌਲ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਵੀਸੀ ਦਫ਼ਤਰ ਅੱਗੇ ਵਿਦਿਆਰਥੀ ਜਥੇਬੰਦੀਆਂ ਤੇ ਰਵਿੰਦਰ ਧਾਲੀਵਾਲ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਮਰਥਨ ਦਿੱਤਾ। ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਤੋਂ ਅਮਨ ਨੇ ਦੱਸਿਆ ਕਿ ਮਲੂਕਾ ਨੇ ਕਿਹਾ ਕਿ ਵਿਰਾਸਤੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੀ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਤੁਰੰਤ ਕਰਵਾ ਕੇ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਤੇ ਪੰਜਾਬ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਖੋਲ੍ਹ ਕੇ ਅਕਾਦਮਿਕ ਮਾਹੌਲ ਬਹਾਲ ਕੀਤਾ ਜਾਵੇ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ 26 ਅਗਸਤ ਨੂੰ ਸਵੇਰੇ 11 ਵਜੇ ’ਵਰਸਿਟੀ ਕੈਂਪਸ ਵਿੱਚ ਰੋਸ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਕਿਸਾਨ, ਪ੍ਰੋਫ਼ੈਸਰ, ਸਾਬਕਾ ਸੈਨੇਟਰਾਂ ਸਣੇ ਟਰੇਡ ਯੂਨੀਅਨਾਂ ਸ਼ਿਰਕਤ ਕਰਨਗੀਆਂ। ਪੀ.ਯੂ. ਵੱਲੋਂ ਮੁੜ ਮਨਜ਼ੂਰੀ ਦੀ ਦੁਹਾਈ ਪੀਯੂ ਅਥਾਰਿਟੀ ਵੱਲੋਂ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਕਰਵਾਉਣ ਲਈ ਫਿਰ ਤੋਂ ਦਿੱਲੀ ਅਤੇ ਉੱਤਰਾਖੰਡ ਸਰਕਾਰਾਂ ਤੋਂ ਮਨਜ਼ੂਰੀ ਲੈਣ ਦੀ ਦੁਹਾਈ ਦਿੱਤੀ ਗਈ ਹੈ। ਰਜਿਸਟਰਾਰ-ਕਮ-ਰਿਟਰਨਿੰਗ ਅਫਸਰ ਵਿਕਰਮ ਨਈਅਰ ਨੇ ਕਿਹਾ ਕਿ ਦੋਵੇਂ ਸਰਕਾਰਾਂ ਤੋਂ ਮਨਜ਼ੂਰੀ ਲੈਣ ਲਈ ਮੁੜ ਲਿਖਤ ’ਚ ਭੇਜਿਆ ਗਿਆ ਹੈ ਅਤੇ ਇਹ ਚੋਣ 19 ਜਾਂ 26 ਸਤੰਬਰ ਨੂੰ ਹੋਣ ਦੀ ਸੰਭਾਵਨਾ ਜਤਾਈ ਗਈ ਹੈ।