ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਵੇਸਟ ਆਡਿਟ ਉਪਰੰਤ ਮੋਹਰੀ ਬ੍ਰਾਂਡਾਂ ਨੂੰ ਸੰਮਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 12

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਕਰਨ ਅਤੇ ਜ਼ਮੀਨੀ ਪੱਧਰ ‘ਤੇ ਇਸਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ ਮੁਸ਼ਕਲ ਨਾਲ ਰੀਸਾਈਕਲ ਹੋਣ ਵਾਲੇ ਪਲਾਸਟਿਕ ਰਹਿੰਦ ਖੂੰਹਦ ਪੈਦਾ ਕਰਨ ਲਈ ਜ਼ਿੰਮੇਵਾਰ 14 ਪ੍ਰਮੁੱਖ ਬ੍ਰਾਂਡਾਂ ਨੂੰ ਤਲਬ ਕੀਤਾ ਹੈ।

ਬੋਰਡ ਨੇ ਇਨ੍ਹਾਂ ਕੰਪਨੀਆਂ ਨੂੰ ਸਪੱਸ਼ਟ ਸਮਾਂ-ਬੱਧ ਰਣਨੀਤੀਆਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਜੋ ਖਪਤਕਾਰਾਂ ਨੂੰ ਵਰਤੋਂ ਤੋਂ ਬਾਅਦ ਪਲਾਸਟਿਕ ਪੈਕੇਜਿੰਗ ਵਾਪਸ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ।

ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਕਿਸੇ ਵੀ ਕੰਪਨੀ ਨੂੰ ਪੰਜਾਬ ਵਿੱਚ ਪ੍ਰਦੂਸ਼ਣ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਨ੍ਹਾਂ ਕੰਪਨੀਆਂ ਦੀ ਜਵਾਬਦੇਹੀ ਤੈਅ ਕਰਾਂਗੇ ਅਤੇ ਆਪਣੇ ਸਾਰੇ ਸ਼ਹਿਰਾਂ ਨੂੰ ਸਾਫ਼ ਕਰਾਂਗੇ। ਭਾਰਤ ਵਿੱਚ ਪਹਿਲੀ ਵਾਰ ਬੋਰਡ ਦੁਆਰਾ ਕਰਵਾਏ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਉਪਰੰਤ ਇਹ ਕਦਮ ਚੁੱਕਿਆ ਗਿਆ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਵਿੱਚ ਪਲਾਸਟਿਕ ਵੇਸਟ ਬ੍ਰਾਂਡ ਆਡਿਟ 2025 ਕੀਤਾ। ਇਸ ਅਧਿਐਨ ਵਿੱਚ ਇਨ੍ਹਾਂ ਸ਼ਹਿਰਾਂ ਦੇ ਵੱਖ-ਵੱਖ ਖੇਤਰਾਂ ਤੋਂ ਇਕੱਠੇ ਕੀਤੇ ਗਏ ਪਲਾਸਟਿਕ ਰਹਿੰਦ ਖੂੰਹਦ ਦੀ ਜਾਂਚ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੀਆਂ ਕੰਪਨੀਆਂ ਸਭ ਤੋਂ ਵੱਧ ਪਲਾਸਟਿਕ ਰਹਿੰਦ ਖੂੰਹਦ ਪੈਦਾ ਕਰਦੀਆਂ ਹਨ। ਅਧਿਐਨ ਕੀਤੇ ਗਏ ਵਿਭਿੰਨ ਸਮਾਜਿਕ-ਆਰਥਿਕ ਪ੍ਰੋਫਾਈਲਾਂ ਵਿੱਚ ਕੁੱਲ ਮਿਉਂਸਪਲ ਰਹਿੰਦ ਖੂੰਹਦ ਵਿੱਚੋਂ 6,991 ਕਿਲੋਗ੍ਰਾਮ ਵਿੱਚੋਂ 613 ਕਿਲੋਗ੍ਰਾਮ ਪਲਾਸਟਿਕ ਪਾਇਆ ਗਿਆ। ਇਹ ਨਤੀਜੇ ਦਰਸਾਉਂਦੇ ਹਨ ਕਿ ਇਸ ਪਲਾਸਟਿਕ ਰਹਿੰਦ ਖੂੰਹਦ ਦਾ 88 ਫ਼ੀਸਦ ਰੀਸਾਈਕਲ ਕਰਨਾ ਬਹੁਤ ਮੁਸ਼ਕਲ ਹੈ।

ਬ੍ਰਾਂਡ-ਵਾਰ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ 11,810 ਪਲਾਸਟਿਕ ਪੈਕੇਟਾਂ ਦੇ ਰੀਸਾਈਕਲ ਨਾ ਹੋਣ ਵਾਲੇ ਵੇਸਟ ਦਾ ਲਗਭਗ 59 ਫ਼ੀਸਦ ਹਿੱਸੇ ਲਈ ਸਿਰਫ਼ 14 ਪ੍ਰਮੁੱਖ ਬ੍ਰਾਂਡ ਜ਼ਿੰਮੇਵਾਰ ਸਨ। ਬੋਰਡ ਨੇ ਨੋਟ ਕੀਤਾ ਕਿ ਈ.ਪੀ.ਆਰ. ਟੀਚਿਆਂ ਨੂੰ ਪੂਰਾ ਕਰਨ ਲਈ ਕੁਝ ਕੰਪਨੀਆਂ ਵੱਲੋਂ ਗੈਰ-ਪ੍ਰਮਾਣਿਤ ਸਰਟੀਫਿਕੇਟਾਂ ਰਾਹੀਂ ਜਾਂ ਦੂਜੇ ਰਾਜਾਂ ‘ਤੇ ਜ਼ਿੰਮੇਵਾਰੀ ਪਾ ਕੇ ਪੰਜਾਬ ਦੇ ਪ੍ਰਦੂਸ਼ਣ ਸੰਕਟ ਨੂੰ ਹੱਲ ਕਰਨ ਦੀ ਬਜਾਏ ਇਸਨੂੰ ਹੋਰ ਵਧਾਇਆ ਜਾ ਰਿਹਾ ਹੈ।

ਬੋਰਡ ਵੱਲੋਂ ਪੰਜਾਬ ਲਈ ਇੱਕ ਸਾਫ਼-ਸੁੱਥਰੇ ਅਤੇ ਪਲਾਸਟਿਕ ਰਹਿਤ ਭਵਿੱਖ ਵਾਸਤੇ ਨਿਗਰਾਨੀ, ਲਾਗੂਕਰਨ ਅਤੇ ਉਦਯੋਗ ਸਹਿਯੋਗ ਦੇਣਾ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published. Required fields are marked *

View in English