ਪੰਜਾਬ

ਪੰਜਾਬ ’ਚ ਰਹਿੰਦੇ ਹਰ ਕਾਮੇ ਨੂੰ ਲੱਗੇਗੀ ਕੋਰੋਨਾ ਵੈਕਸੀਨ

ਫ਼ੈਕ੍ਟ ਸਮਾਚਾਰ ਸੇਵਾ
ਹੁਸ਼ਿਆਰਪੁਰ ਮਈ 10
ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਦੇ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੇ ਅਗਾਜ਼ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਰ ਕਾਮੇ ਦੇ ਕੋਵਿਡ ਵੈਕਸੀਨ ਲਗਾਈ ਜਾਵੇਗੀ। 18 ਤੋਂ 44 ਸਾਲ ਉਮਰ ਵਰਗ ਦੇ ਬਾਕੀ ਲਾਭਪਾਤਰੀਆਂ ਦੀ ਵੈਕਸੀਨ ਸਬੰਧੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 30 ਲੱਖ ਡੋਜ਼ਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ ਵੈਕਸੀਨ ਦੀ ਪ੍ਰਾਪਤੀ ਨਾਲ ਹਰ ਯੋਗ ਲਾਭਪਾਤਰੀ ਦਾ ਪੜਾਅ ਦਰ ਪੜਾਅ ਟੀਕਾਕਰਨ ਕੀਤਾ ਜਾਵੇਗਾ। ਉਸਾਰੀ ਕਾਮਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਕਾਮਿਆਂ ਅਤੇ ਮਜ਼ਦੂਰਾਂ ਨੂੰ ਤਰਜੀਹੀ ਖੇਤਰ ਵਿੱਚ ਰੱਖਿਆ ਗਿਆ ਕਿਉਂਕਿ ਇਹ ਹਰ ਖੇਤਰ ਦੇ ਵਿਕਾਸ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਿਵੇਂ-ਜਿਵੇਂ ਵੈਕਸੀਨ ਪ੍ਰਾਪਤ ਹੁੰਦੀ ਜਾਵੇਗੀ ਤਿਵੇਂ-ਤਿਵੇਂ ਹਰ ਵਰਗ ਦੇ ਲਾਭਪਾਤਰੀ ਨੂੰ ਕਵਰ ਕੀਤਾ ਜਾਵੇਗਾ। ਉਦਯੋਗ ਮੰਤਰੀ ਨੇ ਇਸ ਸਿਹਤ ਸੰਕਟ ਦੇ ਸਮੇਂ ’ਚ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲਤ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਪ੍ਰਤੀ ਲਾਪ੍ਰਵਾਹ ਨਾ ਹੋਣ ਸਗੋਂ ਇਕ-ਦੂਜੇ ਨੂੰ ਪ੍ਰੇਰਿਤ ਕਰਨ ਕਿ ਮਾਸਕ ਪਹਿਨਣਾ, ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣਾ ਆਦਿ ਕਿੰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦਿਨ-ਰਾਤ ਇਕ ਕਰਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਨਾਉਣ ਵਿੱਚ ਡਟੀਆਂ ਹੋਈਆਂ ਹਨ ਜਿਨ੍ਹਾਂ ਦਾ ਲੋਕਾਂ ਨੂੰ ਭਰਵਾਂ ਸਾਥ ਦਿੰਦਿਆਂ ਕੋਰੋਨਾ ’ਤੇ ਫਤਿਹ ਦਰਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਸਪਤਾਲਾਂ ਵਿੱਚ ਲੋੜੀਂਦੀ ਆਕਸੀਜਨ, ਰੇਮੇਡਿਸਿਵਿਰ ਟੀਕੇ ਆਦਿ ਦੀ ਉਪਲਬੱਧਤਾ ਨੂੰ ਹਰ ਹਾਲ ਯਕੀਨੀ ਬਣਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਬਰਦਾਸ਼ਤਯੋਗ ਨਹੀਂ ਹੈ ਅਤੇ ਅਜਿਹੇ ਕਿਸੇ ਵੀ ਮਾਮਲੇ ਦੀ ਸੂਰਤ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ ਥਾਵਾਂ ’ਤੇ ਉਸਾਰੀ ਕਾਮਿਆਂ ਲਈ ਸ਼ੁਰੂ ਕੀਤੀ ਗਈ ਵੈਕਸੀਨ ਤਹਿਤ ਅੱਜ ਪਹਿਲੇ ਦਿਨ 238 ਉਸਾਰੀ ਕਾਮਿਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ ਕੁੱਲ 306057 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚ 9027 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 4662 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸੇ ਤਰ੍ਹਾਂ 31758 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਅਤੇ 7795 ਨੂੰ ਦੂਜੀ ਡੋਜ਼ ਲਗਾਉਣ ਦੇ ਨਾਲ-ਨਾਲ 45 ਤੋਂ 59 ਸਾਲ ਉਮਰ ਵਰਗ ਦੇ 143095 ਲਾਭਪਾਤਰੀਆਂ ਨੂੰ ਪਹਿਲੀ ਅਤੇ 19846 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।  60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲਾਭਪਾਤਰੀਆਂ ਵਿੱਚ 72443 ਨੂੰ ਪਹਿਲੀ ਅਤੇ 17431 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਿਵਲ ਸਰਜਨ ਡਾ. ਰਣਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਐਸ.ਐਮ.ਓ. ਡਾ. ਜਸਵਿੰਦਰ ਸਿੰਘ ਆਦਿ ਮੌਜੂਦ ਸਨ। ਬਾਕਸ : ਪੱਤਰਕਾਰਾਂ ਵਲੋਂ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਸਰਗਰਮੀਆਂ ਸਬੰਧੀ ਸਵਾਲ ਦੇ ਜਵਾਬ ’ਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅੱਜ ਸਮਾਂ ਪੰਜਾਬ ਵਾਸੀਆਂ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਮੁੱਖ ਤਰਜ਼ੀਹ ਪੰਜਾਬੀਆਂ ਨੂੰ ਕੋਵਿਡ ਤੋਂ ਬਚਾਉਣਾ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ। ਬਾਕਸ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਬੈਡਾਂ ਦੀ ਜਾਣਕਾਰੀ ਲਈ 82187-65895, ਆਕਸੀਜਨ ਸਿਲੰਡਰ, ਰੇਮੇਡੇਸਿਵਰ, ਟੋਸੀਲਿਜੂਮਾਬ ਜਾਂ ਆਰ.ਟੀ.-ਪੀ.ਸੀ.ਆਰ. ਦੀ ਓਵਰ ਚਾਰਜਿੰਗ ਜਾਂ ਕਾਲਾਬਾਜਾਰੀ ਨੂੰ ਲੈ ਕੇ ਸ਼ਿਕਾਇਤ ਲਈ ਵਅਸਐਪ ਨੰਬਰ 81466-22501 ਅਤੇ ਕਰਫਿਊ ਦੀ ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਸਮੂਹ ਜਾਂ ਸੰਸਥਾ ਦੀ ਸੂਚਨਾ ਦੇਣ ਲਈ 88722-31039, 92570-37000 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੈਪਸ਼ਨ:- ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਉਸਾਰੀ ਕਾਮਿਆਂ ਦੇ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਹਨ।