ਪੰਜਾਬ

ਪੰਚਾਇਤੀ ਰਾਜ ਐਕਟ ਤਹਿਤ ਹਰ ਪਿੰਡ ਵਿਚ “ਆਫਤ ਪ੍ਰਬੰਧਕ ਕਮੇਟੀ” ਬਣਾਉਣੀ ਜਰੂਰੀ – ਹਰਬਖਸ਼ ਸਿੰਘ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ, ਜੁਲਾਈ 23
ਸਥਾਨਿਕ ਸਿਵਲ ਡਿਫੈਂਸ ਵਲੋਂ ਪਿੰਡ ਰਿਆਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਸਮੂਹ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਭਾਈ ਕੁਲਵਿੰਦਰ ਸਿੰਘ ਗੁਰਮਤਿ ਵਿਦਿਆਲਾ ਵਲੋਂ ਕੀਤਾ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਐਕਟ (1992) ਦੇ ਤਹਿਤ ਕਿਸੇ ਆਫਤ ਮੌਕੇ ਬਿਹਤਰ ਤਾਲਮੇਲ ਲਈ “ਪਿੰਡ ਆਫਤ ਪ੍ਰਬੰਧਕ ਕਮੇਟੀ” ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਨੂੰ ਸਾਲ ਵਿਚ ਘੱਟੋ ਘੱਟ 4 ਵਾਰੀ ਮੁੱਢਲੀ ਸਹਾਇਤਾ ਦੇ ਨਾਲ ਕੁਦਰਤੀ ਤੇ ਗੈਰ ਕੁਦਰਤੀ ਆਫਤਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ, ਕਿਉਕਿ ਬਾਹਰੀ ਸਹਾਇਤਾ ਆਉਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਨਾਗਰਿਕ ਨੂੰ ਤਿੰਨ ਏ ਭਾਵ ਅਲਰਟ-ਅਵੇਕ-ਐਕਟਿਵ ਤਹਿਤ “ਆਪਣੀ ਸੁਰੱਖਿਆ ਆਪ” ਦੇ ਗੁਰ ਸਿਖਣੇ ਚਾਹੀਦੇ ਹਨ। ਅਲਰਟ ਤੋਂ ਆਫਤਾ ਪ੍ਰਤੀ ਜਾਗਰੂਕ ਹੋਣਾ, ਅਵੇਕ ਤੋ ਨੁਕਸਾਨ ਨੂੰ ਘੱਟ ਕਿਵੇਂ ਕੀਤਾ ਜਾਵੇ ਤੇ ਐਕਟਿਵ ਤੋਂ ਕਿਸੇ ਵੀ ਆਫਤ ਮੌਕੇ ਰਾਹਤ ਕਰਜਾਂ ਵਿਚ ਹਿੱਸਾ ਲੈਣਾ। ਕਰੋਨਾ ਕਾਲ ਵਿਚ ਮੋਬਾਇਲ ਤੇ ਪੜਾਈ ਕਰਨ ਅੱਖਾਂ ਤੇ ਦਬਾਅ ਘੱਟ ਕਰਨ ਲਈ 20-20-20 ਦਾ ਗੁਰ ਵੀ ਦੱਸਿਆ ਭਾਵ 20 ਸੈਕਿਡ ਬਾਅਦ ਅੱਖਾ ਨੂੰ ਝਪਕਣਾ, 20 ਫੁਟ ਦੂਰ ਦੇਖਣਾ ਤੇ 20 ਮਿੰਟ ਬਾਅਦ ਬਰੇਕ ਲੈਣੀ। ਇਸ ਮੌਕੇ ਪੋਸਟ ਵਾਰਡ ਗੁਰਮੁੱਖ ਸਿੰਘ ਤੇ ਸੈਕਟਰ ਵਾਰਡਨ ਪਰਮਜੀਤ ਸਿੰਘ ਬਮਰਾਹ ਨੇ ਸਿਵਲ ਡਿਫੈਂਸ ਦੀ ਬਾਰੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਹਰੇਕ ਨਾਗਰਿਕ ਕੋਲ ਡਾਕਟਰ, ਨੇੜੇ ਦੇ ਪੁਲਿਸ ਸਟੇਸ਼ਨ ਤੇ ਫਾਇਰ ਸਟੇਸ਼ਨ ਦਾ ਫੋਨ ਨੰਬਰ ਜਰੂਰ ਹੋਣਾ ਚਾਹੀਦਾ ਹੈ। ਉਹਨਾਂ ਵਲੋ ਫਸਟ ਏਡ ਬਾਕਸ ਬਾਰੇ ਵਿਸਥਾਰ ਨਾਲ ਦਸਿਆ ਗਿਆ। ਆਖਰ ਵਿਚ ਕਵੀਸ਼ਰ ਰਣਜੀਤ ਸਿੰਘ ਨੇ ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹਾ ਪਹਿਲਾ ਕੈਂਪ ਸਾਡੇ ਇਲਾਕੇ ਵਿਚ ਲਗਾ ਹੈ ਸੋ ਆਉਣ ਵਾਲੇ ਸਮੇਂ ਵਿਚ ਹੋਰ ਕੈਂਪ ਲਗਾ ਕੇ ਬੱਚਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਜਿਸ ਵਿਚ ਸੁਰੱਖਿਆ ਦਾ ਵੀ ਅਹਿਮ ਪੱਖ ਹੈ। ਇਸ ਮੌਕੇ ਸੀ.ਡੀ. ਵਲੰਟੀਅਰਜ਼ ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਦਲਜਿੰਦਰ ਸਿੰਘ, ਮੋਹਨ ਲਾਲ, ਪਿੰਡ ਰਿਆਲੀ ਦੇ ਨਾਗਰਿਕ ਤੇ ਗਿਆਨੀ ਕੁਲਵਿੰਦਰ ਸਿੰਘ ਗੁਰਮਤਿ ਵਿਦਿਆਲਾ ਦੇ ਪ੍ਰਬੰਧਕ, ਗ੍ਰੰਥੀ ਬਾਬਾ ਅਵਤਾਰ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ।