ਹਰਿਆਣਾ

ਪੰਚਕੂਲਾ ਦੇ ਮਾਜਰੀ ਚੌਕ ਵਿਚ ਨੌਜਵਾਨ ਦੀ ਹੱਤਿਆ

ਫ਼ੈਕ੍ਟ ਸਮਾਚਾਰ ਸੇਵਾ
ਪੰਚਕੂਲਾ, ਸਤੰਬਰ 28
ਇੱਥੋਂ ਦੇ ਮਾਜਰੀ ਚੌਕ ਵਿਚ ਅੱਧੀ ਰਾਤ ਦੌਰਾਨ ਗੱਡੀਆਂ ਤੇ ਮੋਟਰਸਾਈਕਲਾਂ ’ਤੇ ਆਏ ਨੌਜਵਾਨਾਂ ਨੇ ਕਾਰ ਵਿੱਚ ਬੈਠੇ ਇੱਕ ਨੌਜਵਾਨ ਰੀਕੂ ਉਰਫ ਹਰਵਿੰਦਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਰੀਕੂ ਨੂੰ ਸੈਕਟਰ-6 ਵਿਚ ਸਥਿਤ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਗੱਡੀ ਵਿੱਚ ਰੀਕੂ ਉੁਰਫ ਹਰਵਿੰਦਰ ਬੈਠਾ ਸੀ ਹਮਲਾਵਰਾਂ ਨੇ ਉਸ ਗੱਡੀ ਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ। ਰੀਕੂ ਉੱਤੇ ਹਮਲਾ ਕਰਨ ਵਾਲੇ ਡੇਢ ਦਰਜਨ ਤੋਂ ਵੱਧ ਵਿਅਕਤੀ ਦੱਸੇ ਜਾ ਰਹੇ ਹਨ। ਘਟਨੀ ਦਾ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਪੁਲੀਸ ਮੋਹਿਤ ਹਾਂਡਾ, ਪੁਲੀਸ ਕਮਿਸ਼ਨਰ ਸੌਰਵ ਸਿੰਘ, ਏਸੀਪੀ ਸਤੀਸ਼ ਕੁਮਾਰ, ਅਪਰਾਧ ਸ਼ਾਖਾ ਦੇ ਐੱਸਐੱਚਓ ਕਰਮਵੀਰ, ਸੀਆਈਏ ਸਟਾਫ਼ ਦੇ ਇੰਸਪੈਕਟਰ ਅਮਨ ਕੁਮਾਰ, ਸੈਕਟਰ-7 ਪੁਲੀਸ ਥਾਣੇ ਦੇ ਐੱਸਐੱਚਓ ਮਹਾਵੀਰ ਸਿੰਘ ਅਤੇ ਡਿਟੈਕਟਿਵ ਸਟਾਫ਼ ਦੇ ਇੰਸਪੈਕਟਰ ਮਹਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਮੌਕੇ ’ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਪਹੁੰਚੀ। ਪੁਲੀਸ ਅਨੁਸਾਰ ਇਸ ਹੱਤਿਆ ਦੇ ਪਿੱਛੇ ਪੈਸਿਆਂ ਦਾ ਲੈਣ-ਦੇਣ ਦੱਸਿਆ ਗਿਆ ਹੈ। ਮ੍ਰਿਤਕ ਰੀਕੂ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਗਿਆ ਹੈ। ਉਹ ਪਰਿਵਾਰ ਸਣੇ ਮਨੀਮਾਜਰਾ ’ਚ ਰਹਿ ਰਿਹਾ ਸੀ ਤੇ ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਸੀ।