ਪੈਟਰੋਲ-ਡੀਜ਼ਲ ਕੀਮਤਾਂ ’ਚ ਵਾਧੇ ਤੇ ਬਿਜਲੀ ਕੱਟਾਂ ਖ਼ਿਲਾਫ਼ ਪੰਜਾਬ ਭਰ ’ਚ ਪ੍ਰਦਰਸ਼ਨ

ਫ਼ੈਕ੍ਟ ਸਮਾਚਾਰ ਸੇਵਾ
ਪਟਿਆਲਾ, ਜੁਲਾਈ 02
ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਅੱਜ ਇਥੇ ਡੀਸੀ ਦਫਤਰ ਦੇ ਬਾਹਰ ਧਰਨਾ ਮਾਰਿਆ ਗਿਆ। ਇਸ ਧਰਨੇ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਹਨ। ਧਰਨੇ ਕਾਰਨ ਜੇਲ੍ਹ ਰੋਡ ਦਾ ਇੱਕ ਪਾਸਾ ਜਾਮ ਕੀਤਾ ਹੋਇਆ ਹੈ। ਉਧਰ ਯੂਨੀਅਨ ਆਗੂਆਂ ਦੀ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕਰਵਾਉਣ ਲਈ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ, ਮਨਜੀਤ ਸਿੰਘ ਨਿਆਲ ਤੇ ਹੋਰ ਆਗੂਆਂ ਦੇ ਵਫ਼ਦ ਨੂੰ ਲੈ ਕੇ ਡੀਸੀ ਦਫ਼ਤਰ ਵਿੱਚ ਗਏ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕਰਨ ਲਈ ਗਏ ਇਸ ਵਫ਼ਦ ਦੀ ਵਾਪਸੀ ਤੋਂ ਬਾਅਦ ਹੀ ਇਸ ਧਰਨੇ ਸਬੰਧੀ ਕੋਈ ਅਗਲਾ ਫ਼ੈਸਲਾ ਲਿਆ ਜਾਵੇਗਾ।     ਡੀਜ਼ਲ- ਪੈਟਰੋਲ ਦੇ ਅਸਮਾਨੀਂ ਚਾੜ੍ਹੇ ਰੇਟਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ 2 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਧਰਨਿਆਂ ਵਿੱਚ ਖੇਤੀ ਲਈ ਪੂਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਦਾ ਮੁੱਦਾ ਵੀ ਜ਼ੋਰ ਨਾਲ ਉਠਾਇਆ ਜਾਣ ਲੱਗਾ ਹੈ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਇਹ ਧਰਨੇ ਰਾਜ ਦੇ 15 ਤੋਂ ਵੱਧ ਜ਼ਿਲਿਆਂ ਵਿਚ ਦਿੱਤੇ ਜਾ ਰਹੇ ਹਨ। ਯੂਨੀਅਨ ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱੱਸਿਆ ਕਿ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੇ ਟਰਾਂਸਪੋਰਟਰਾਂ ਅਤੇ ਹੋਰ ਕਾਰੋਬਾਰੀਆਂ ਵਿੱਚ ਇਸ ਵਾਧੇ ਕਾਰਨ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਇਰਾਕ ਯੁੱਧ ਵੇਲੇ ਨਾਲੋਂ ਕੱਚੇ ਤੇਲ ਦੇ ਕੌਮਾਂਤਰੀ ਰੇਟ ਤਾਂ ਅਜੇ ਵੀ ਅੱਧ ਤੋਂ ਥੱਲੇ ਹਨ, ਪ੍ਰੰਤੂ ਦੇਸ਼ ਅੰਦਰ ਡੀਜ਼ਲ ਪੈਟਰੋਲ ਦੇ ਰੇਟ ਉਸ ਵੇਲੇ ਨਾਲੋਂ ਢਾਈ ਗੁਣਾ ਤੋਂ ਵੀ ਜ਼ਿਆਦਾ ਵਧਾਏ ਜਾ ਚੁੱਕੇ ਹਨ। ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਖੇਤੀ ਲਈ ਐਲਾਨੀ ਗਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਯਕੀਨੀ ਨਾ ਬਣਾਉਣ ਕਾਰਨ ਅਤੀ ਮਹਿੰਗੇ ਡੀਜ਼ਲ ਦੀ ਵਧੇਰੇ ਖਪਤ ਨਾਲ ਕਿਸਾਨਾਂ ਦੇ ਲਾਗਤ ਖਰਚਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਲਈ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਵੀ ਉਠਾਈ ਗਈ। ਇਥੇ ਟਰੱਕ ਅਪਰੇਟਰਾਂ ਨੇ ਤੇਲ ਕੀਮਤਾਂ ਖ਼ਿਲਾਫ਼ ਖੱਚਰ ਰੇਹੜਾ ਦੇ ਮਗਰ ਟਰੱਕ ਬੰਨ੍ਹ ਕੇ ਖਿੱਚੇ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਟਰੱਕ ਅਪਰੇਟਰ ਯੂਨੀਅਨ ਪ੍ਰਧਾਨ ਕਾਂਗਰਸ ਆਗੂ ਜਗਰੂਪ ਸਿੰਘ ਤਖਤੂਪੁਰਾ, ਜੋ ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਹਨ ਦੀ ਅਗਵਾਈ ਹੇਠ ਟਰੱਕ ਅਪਰੇਟਰਾਂ ਨੇ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਗਰੂਪ ਸਿੰਘ ਤਖਤੂਪੁਰਾ ਤੇ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਪਰਮਪਾਲ ਸਿੰਘ ਤਖਤੂਪੁਰਾ ਨੇ ਕਿਹਾ ਕਿ ਤੇਲ ਦੀ ਜਿੰਨੀ ਮਹਿੰਗਾਈ ਮੋਦੀ ਸਰਕਾਰ ਸਮੇਂ ਹੋਈ ਹੈ, ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ । ਅੱਜ ਸਾਡੇ ਕਿਸਾਨ ਇਸ ਨਰਿੰਦਰ ਮੋਦੀ ਕਰ ਕੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੜਕਾਂ ਅਤੇ ਦਿੱਲੀ ਦੇ ਬਾਰਡਰ ਤੇ ਆਪਣਾ ਘਰ ਬਾਰ ਛੱਡ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਰੀਬ 7 ਮਹੀਨੇ ਤੋਂ ਬੈਠੇ ਹਨ ਪਰ ਪ੍ਰਧਾਨ ਮੰਤਰੀ ਆਪਣਾ ਅੜੀਅਲ ਰਵੱਈਆ ਨਹੀ ਛੱਡ ਰਿਹਾ। ਇਸ ਮੌਕੇ ਰਵੀ ਪੰਡਤ,ਰਮਨ ਮੱਕੜ, ਸਿਮਰਨਜੀਤ ਸਿੰਘ ਬਿੱਲਾ,ਬਲਵੰਤ ਰਾਏ ਪੰਮਾਂ,ਜੋਬ ਸਿੱਧੂ,ਹਨੀ ਸੋਢੀ,ਦਲਜੋਤ ਤੂਰ, ਜਸਵੰਤ ਸਿੰਘ ਮਹਿਣਾ, ਸਰਬਜੀਤ ਕੌਰ ਮਾਹਲਾ ਤੇ ਆੜਤੀ ਯੂਨੀਅਨ ਪ੍ਰਧਾਨ ਪ੍ਰਭਦੀਪ ਸਿੰਘ ਕਾਲਾ ਧੱਲੇਕੇ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ।

More from this section