ਪੰਜਾਬ

ਪੇਂਡੂ ਖੇਤਰਾਂ ’ਚ ਕੋਵਿਡ ਦੇ ਬਚਾਅ ਲਈ ਪੰਚਾਇਤਾਂ ਅੱਗੇ ਆਉਣ

ਫ਼ੈਕ੍ਟ ਸਮਾਚਾਰ ਸੇਵਾ ਸੰਗਰੂਰ ਮਈ 13 ਪੇਂਡੂ  ਖੇਤਰਾਂ  ਵਿਚ ਕੋਵਿਡ 19 ਮਹਾਂਮਾਰੀ ਦੇ ਤੇਜੀ ਨਾਲ ਫੈਲਣ ’ਤੇ ਚਿੰਤਾ ਜ਼ਾਹਰ ਕਰਦਿਆਂ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਨਾਲ ਨਜਿੱਠਣ ਅਤੇ ਇਸ ’ਤੇ ਫ਼ਤਿਹ ਹਾਸਿਲ ਕਰਨ ਲਈ ਪੰਚਾਇਤਾਂ ਅੱਗੇ ਆ ਕੇ ਸਿਹਤ ਵਿਭਾਗ ਦਾ ਸਾਥ ਦੇਣ। ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਜੇਕਰ ਪੰਚਾਇਤਾਂ ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਤਾਂ ਕੋਰੋਨਾ ਵਾਇਰਸ ਦੀ ਚੇਨ ਨੂੰ ਜਲਦੀ ਤੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਦਰਭ ਵਿਚ ਪੇਂਡੂ ਖੇਤਰ ਵਿੱਚ ਪਹਿਲਾਂ ਹੀ ਲੋਕ ਸਾਂਝੇਦਾਰ ਕਮੇਟੀਆਂ ਬਣਾਈਆਂ ਗਈਆਂ ਹਨ। ਸਿਵਲ ਸਰਜਨ ਨੇ ਕਿਹਾ ਕਿ ਲੋਕ ਸਾਂਝੇਦਾਰ ਕਮੇਟੀਆਂ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੰੂ ਕੋਵਿਡ 19 ਬਾਰੇ ਜਾਗਰੂਕ ਕੀਤਾ ਜਾ ਸਕੇ। ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਲੋਕਾਂ ਦੇ ਮਨਾਂ ਅੰਦਰ ਕਰੋਨਾਵਾਇਰਸ ਨੂੰ ਲੈ ਕੇ ਕੁਝ ਗਲਤ ਧਾਰਨਾਵਾਂ ਹਨ, ਜਿਨ੍ਹਾਂ  ਨੂੰ ਦੂਰ ਕਰਨ ਲਈ ਸਥਾਨਕ ਆਗੂਆਂ ਦਾ ਅੱਗੇ ਆਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਆਗੂਆਂ ’ਤੇ ਉਥੋਂ ਦੇ ਲੋਕਾਂ ਦਾ ਭਰੋਸਾ ਹੁੰਦਾ ਹੈ ਤੇ ਉਹ ਸਹਿਜੇ ਹੀ ਉਨ੍ਹਾਂ ਦੀ ਗੱਲ ਸਮਝ ਲੈਂਦੇ ਹਨ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਐਸ.ਜੇ.ਸਿੰਘ  ਨੇ ਕਿਹਾ ਪਿੰਡਾਂ ਵਿਚ ਧਾਰਮਿਕ ਸਥਾਨਾਂ ’ਤੇ ਲੱਗੇ ਸਪੀਕਰਾਂ ਰਾਹੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਬਾਹਰ ਆਉਣ ਸਮੇਂ ਮਾਸਕ ਪਾਉਣਾ, ਹੱਥਾਂ ਨੂੰ ਸਾਬਣ ਤੇ ਸਾਫ਼ ਪਾਣੀ ਜਾਂ ਸੈਨੀਟਾਈਜ਼ਰ ਨਾਲ ਵਾਰ-ਵਾਰ ਸਾਫ਼ ਕਰਨਾ ਤੇ 6 ਫ਼ੁੱਟ ਦੀ ਸਮਾਜਿਕ ਦੂਰੀ ਆਦਿ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦਾ ਕੋਈ ਵੀ ਲੱਛਣ ਸਾਹਮਣੇ ਆਉਣ ’ਤੇ ਨੇੜੇ ਦੀ ਸਿਹਤ ਸੰਸਥਾ ਵਿਖੇ ਅਪਣਾ ਸੈਂਪਲ ਜ਼ਰੂਰ ਕਰਵਾਉ। ਡਾ. ਐਸ. ਜੇ. ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਵਾਲੇ ਉਸਾਰੀ ਕਾਮਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ 18 ਤੋਂ 44 ਸਾਲ ਦੇ ਸ਼ੂਗਰ ਰੋਗ, ਬੀ. ਪੀ ਅਤੇ ਟੀ,ਬੀ ਆਦਿ ਮਰੀਜਾਂ ਦਾ ਟੀਕਾਕਰਨ ਜਲਦ ਹੀ ਸ਼ੁਰੂ ਕੀਤਾ ਜਾਵੇਗਾ।