ਪੇਂਡੂ ਖੇਤਰਾਂ ’ਚ ਕੋਰੋਨਾ ਨੂੰ ਰੋਕਣ ਲਈ ਟੀਕਾਕਰਨ ਬਹੁਤ ਜਰੂਰੀ

ਫ਼ੈਕ੍ਟ ਸਮਾਚਾਰ ਸੇਵਾ
ਹੁਸ਼ਿਆਰਪੁਰ, ਮਈ 17
ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਜੀ.ਐਨ.ਏ. ਗਰੁੱਪ ਮੇਹਟਿਆਣਾ ਵਿਖੇ 18 ਤੋਂ 44 ਸਾਲ ਤੱਕ ਦੇ ਲਾਭਪਾਤਰੀਆਂ ਲਈ ਕੋਵਿਡ ਵੈਕਸੀਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪਿੰਡਾਂ ਵਿੱਚ ਫੈਲ ਰਹੇ ਵਾਇਰਸ ਨੂੰ ਰੋਕਣ ਲਈ ਸਿਹਤ ਸਲਾਹਕਾਰੀਆਂ ਦੀ ਪਾਲਣਾ ਦੇ ਨਾਲ-ਨਾਲ ਟੀਕਾਕਰਨ ਅਤਿ ਲਾਜ਼ਮੀ ਹੈ ਜਿਸ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਸੀ.ਐਚ.ਸੀ. ਹਾਰਟਾ ਬੱਡਲਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੀ ਸ਼ਲਾਘਾ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੌਤ ਦਰ ਦਾ ਵੱਡਾ ਅੰਤਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੇਂਡੂ ਖੇਤਰਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ ਜਿਨ੍ਹਾ ਵਿੱਚ ਲੋੜੀਂਦੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜੀ.ਐਨ.ਏ. ਵਰਗੀਆਂ ਉਦਯੋਗਿਕ ਇਕਾਈਆਂ, ਜਿਥੇ ਜਿਆਦਾਤਰ ਸਟਾਫ ਅਤੇ ਕਾਮੇ ਪੇਂਡੂ ਖੇਤਰਾਂ ਨਾਲ ਸਬੰਧਤ ਹਨ, ਵਿਖੇ ਅਜਿਹੇ ਕੈਂਪ ਲਗਵਾਉਣਾ ਮੈਨੇਜਮੈਂਟ ਵਲੋਂ ਚੁੱਕਿਆ ਸਾਰਿਆਂ ਦੀ ਭਲਾਈ ਵਾਲਾ ਕਦਮ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ 300 ਤੋਂ ਵੱਧ ਡੋਜ਼ਾਂ 18 ਤੋਂ 44 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਦੇ ਲਗਾਈਆਂ ਗਈਆਂ ਅਤੇ ਇਹ ਕੈਂਪ ਆਉਂਦੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਤਾਂ ਜੋ ਸਾਰੇ ਲਾਭਪਾਤਰੀਆਂ ਦਾ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜੀ.ਐਨ.ਏ. ਵਲੋਂ ਵੱਖ-ਵੱਖ ਲਾਭਪਾਤਰੀਆਂ ਦੇ 1800 ਦੇ ਕਰੀਬ ਡੋਜ਼ਾਂ ਲਗਵਾਉਣਾ, ਵਰਕਰਾਂ ਨੂੰ ਐਨ-95 ਮਾਸਕ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣੇ ਸ਼ਲਾਘਾਯੋਗ ਉਪਰਾਲਾ ਹੈ।
ਪਿੰਡਾਂ ਦੇ ਵਸਨੀਕਾਂ ਨੂੰ ਸਿਹਤ ਸਲਾਹਕਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਦੀ ਅਪੀਲ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੋਰੋਨਾ ਵਲੋਂ ਪਸਾਰੇ ਜਾ ਰਹੇ ਪੈਰ ਚਿੰਤਾ ਦਾ ਵਿਸ਼ਾ ਹਨ ਅਤੇ ਸਾਨੂੰ ਸਾਰਿਆਂ ਨੂੰ ਜਨਤਕ ਹਿੱਤਾ ਦੇ ਮੱਦੇਨਜ਼ਰ ਕਿਸੇ ਵੀ ਪੱਖੋਂ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। ਐਸ.ਐਮ.ਓ. ਹਾਰਟਾ ਬੱਡਲਾ ਡਾ. ਰਾਜ ਕੁਮਾਰ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਗਰੁੱਪ ਦੇ ਸਟਾਫ਼ ਮੈਂਬਰਾਂ ਦੇ ਵੈਕਸੀਨ ਲਗਾਈ।
ਇਸ ਮੌਕੇ ਜੀ.ਐਨ.ਏ. ਗਰੁੱਪ ਦੇ ਸੀ.ਓ.ਓ. ਰਣਵੀਰ ਸਿੰਘ ਸਿਹਰਾ, ਡਾਇਰੈਕਟਰ ਗੁਰਦੀਪ ਸਿੰਘ ਸਿਹਰਾ ਅਤੇ ਪ੍ਰੋਚਾਂਸਲਰ ਜੀ.ਐਨ.ਏ. ਯੂਨੀਵਰਸਿਟੀ ਕੀਰਤ ਸਿੰਘ ਨੇ ਕੋਰੋਨਾ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਪੰਜਾਬ ਸਰਕਾਰ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਇਸ ਸਿਹਤ ਸੰਕਟ ਦੇ ਸਮੇਂ ਯੋਗ ਵਿਅਕਤੀਆਂ ਨੂੰ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੀ.ਐਨ.ਏ. ਗਰੁੱਪ ਵਲੋਂ ਸਾਰੀਆਂ ਸਿਹਤ ਸਲਾਹਕਾਰੀਆਂ ਅਪਨਾਉਂਦਿਆਂ 70 ਫੀਸਦੀ ਤੋਂ ਵੱਧ ਸਟਾਫ਼ ਦੇ ਵੈਕਸੀਨ ਲਗਵਾਈ ਜਾ ਚੁੱਕੀ ਹੈ।
ਕੈਪਸ਼ਨ:–ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਜੀ.ਐਨ.ਏ. ਗਰੁੱਪ ਮੇਹਟਿਆਣਾ ਵਿਖੇ 18 ਤੋਂ 44 ਸਾਲ ਤੱਕ ਦੇ ਲਾਭਪਾਤਰੀਆਂ ਲਈ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕਰਵਾਉਂਦੇ ਹੋਏ।
 

More from this section