ਦੇਸ਼-ਦੁਨੀਆ

ਪੁੰਛ ਵਿਚ ਸ਼ਹੀਦ ਹੋਏ ਵੈਸ਼ਾਖ ਐੱਚ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਫ਼ੈਕ੍ਟ ਸਮਾਚਾਰ ਸੇਵਾ
ਕੇਰਲ ਅਕਤੂਬਰ 14

ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਤਿੰਨ ਦਿਨ ਪਹਿਲਾਂ ਸ਼ਹੀਦ ਹੋਏ ਵੈਸ਼ਾਖ ਐੱਚ. ਦਾ ਵੀਰਵਾਰ ਯਾਨੀ ਕਿ ਅੱਜ ਪੂਰੇ ਫ਼ੌਜੀ ਸਨਮਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਇਕ ਮੁਹਿੰਮ ਦੌਰਾਨ ਸੋਮਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਜੇ. ਸੀ. ਓ. (ਜੂਨੀਅਰ ਕਮੀਸ਼ਨ ਅਫ਼ਸਰ) ਸਮੇਤ 5 ਫ਼ੌਜੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ’ਚ ਰਾਸ਼ਟਰੀ ਰਾਈਫ਼ਲ ਬਟਾਲੀਅਨ ਦੇ ਵੈਸ਼ਾਖ ਐੱਚ. ਵੀ ਸ਼ਾਮਲ ਸਨ। ਅੰਤਿਮ ਸੰਸਕਾਰ ਤੋਂ ਪਹਿਲਾਂ ਫ਼ੌਜੀ ਦੇ ਮਰਹੂਮ ਸਰੀਰ ਨੂੰ ਕੁਡਾਵਤੂਰ ਪਿੰਡ ਵਿਚ ਉਨ੍ਹਾਂ ਦੇ ਬਚਪਨ ਦੇ ਸਕੂਲ ’ਚ ਰੱਖਿਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ।

ਸ਼ਹੀਦ ਵੈਸ਼ਾਖ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਸੂਬਾਈ ਸਰਕਾਰ ਵਲੋਂ ਵਿੱਤ ਮੰਤਰੀ ਕੇ. ਐੱਨ. ਬਾਲਗੋਪਾਲ, ਮਾਵੇਲਿਕਾਰਾ ਤੋਂ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਅਤੇ ਸੂਬੇ ਦੀ ਪਸ਼ੂਪਾਲਣ ਮੰਤਰੀ ਜੇ. ਚਿਨਚੂ ਰਾਨੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਅਤੇ ਫ਼ੌਜੀ ਅਧਿਕਾਰੀ ਸ਼ਹੀਦ ਨੂੰ ਅੰਮਿਤ ਵਿਦਾਈ ਦੇਣ ਆਏ ਸਨ।

ਫ਼ੌਜ ਸਨਮਾਨ ਦੇ ਤੌਰ ’ਤੇ ਬੰਦੂਕ ਦੀ ਸਲਾਮੀ ਦਿੱਤੇ ਜਾਣ ਮਗਰੋਂ ਜਦੋਂ ਵੈਸ਼ਾਖ ਦੀ ਮਾਂ ਨੂੰ ਤਿਰੰਗਾ ਦਿੱਤਾ ਗਿਆ ਤਾਂ ਉਹ ਆਪਣੇ ਬੇਟੇ ਦਾ ਨਾਂ ਲੈ ਕੇ ਰੋ ਪਈ ਅਤੇ ਬੇਹੋਸ਼ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਪਾਕਿਸਤਾਨ ਦੇ ਵਿਰੋਧ ਵਿਚ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ। ਗਾਰਡ ਆਫ਼ ਆਨਰ ਤੋਂ ਬਾਅਦ ਵੈਸ਼ਾਖ ਦੇ ਮਰਹੂਮ ਸਰੀਰ ਦਾ ਹਿੰਦੂ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।