ਨੌਜਵਾਨਾਂ ਵਲੋਂ ਗਸ਼ਤ ਕਰ ਰਹੀ ਪੁਲੀਸ ਟੀਮ ਨਾਲ ਹੱਥੋਪਾਈ

ਫ਼ੈਕ੍ਟ ਸਮਾਚਾਰ ਸੇਵਾ ਰਤੀਆ, ਜੁਲਾਈ 9

ਸ਼ਹਿਰ ਵਿਚ ਗਸ਼ਤ ਕਰ ਰਹੀ ਪੁਲੀਸ ਟੀਮ ’ਤੇ ਕੁਝ ਨੌਜਵਾਨਾਂ ਵਲੋਂ ਹੱਥੋਪਾਈ ਕਰਨ ਅਤੇ ਪੁਲੀਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਡਿਊਟੀ ’ਤੇ ਤਾਇਨਾਤ ਸਹਾਇਕ ਉਪ ਨਿਰੀਖਕ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਤਿੰਨ ਨੌਜਵਾਨਾਂ ਸਮੇਤ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਅੜਚਣ ਪਾਉਣ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸਹਾਇਕ ਉਪ ਨਿਰੀਖਕ ਜਗਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਸਹਿਯੋਗੀ ਕਰਮਚਾਰੀ ਅਜੇ ਸਿੰਘ, ਜਗਜੀਤ ਸਿੰਘ ਨਾਲ ਸ਼ਹਿਰ ਵਿੱਚ ਬਤੌਰ ਗਸ਼ਤ ਕਰ ਰਿਹਾ ਸੀ ਤਾਂ ਸ਼ਹਿਰ ਥਾਣਾ ਦੇ ਨਜ਼ਦੀਕ ਰਾਤ ਨੂੰ ਕਰੀਬ 12.10 ਵਜੇ 6-7 ਲੜਕੇ ਖੜ੍ਹੇ ਸਨ। ਜਦੋਂ ਗੱਡੀ ਰੁਕਵਾ ਕੇ ਗੈਰ ਸਮਾਂ ਹੋਣ ’ਤੇ ਉਨ੍ਹਾਂ ਤੋਂ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਇਕਦਮ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਨਾਲ ਹੱਥੋਪਾਈ ਕਰਨ ਲੱਗੇ। ਇਨ੍ਹਾਂ ਵਿੱਚੋਂ 2 ਲੜਕਿਆਂ ਨੇ ਨਾਲ ਪਈਆਂ ਇੱਟਾਂ ਚੁੱਕ ਕੇ ਗੱਡੀ ਦੇ ਬੋਨਟ ਅਤੇ ਡਰਾਈਵਰ ਸਾਈਡ ਦੀ ਖਿੜਕੀ ’ਤੇ ਮਾਰੀਆਂ, ਜਿਸ ਨਾਲ ਗੱਡੀ ਨੁਕਸਾਨੀ ਗਈ।

ਸਹਾਇਕ ਉਪ ਨਿਰੀਖਕ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਨਾਲ ਹੱਥੋਪਾਈ ਕਰ ਰਹੇ ਸਨ ਤਾਂ ਉਸ ਦੌਰਾਨ ਇਕ ਦੂਸਰੇ ਦਾ ਨਾਮ ਵੀ ਲੈ ਰਹੇ ਸਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 17 ਦੇ ਸੁੰਦਰ, ਕਬੂਤਰ ਅਤੇ ਚਿੜੀਆ ਆਦਿ ਹੀ ਨਾ ਕੇਵਲ ਉਨ੍ਹਾਂ ਨਾਲ ਹੱਥੋਪਾਈ ਕਰ ਕੇ ਸਰਕਾਰੀ ਕੰਮ ਵਿੱਚ ਮੁਸ਼ਕਿਲ ਪਾਈ, ਬਲਕਿ ਗੱਡੀ ਨੂੰ ਵੀ ਨੁਕਸਾਨਿਆ ਹੈ। ਪੁਲਸ ਨੇ ਡਿਊਟੀ ’ਤੇ ਤਾਇਨਾਤ ਸਹਾਇਕ ਉਪ ਨਿਰੀਖਕ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਉਪਰੋਕਤ ਨਾਮਜ਼ਦ ਨੌਜਵਾਨਾਂ ਤੋਂ ਇਲਾਵਾ ਹੋਰ ਨੌਜਵਾਨਾਂ ਖਿਲਾਫ਼ ਸਰਕਾਰੀ ਕੰਮ ਵਿੱਚ ਮੁਸ਼ਕਿਲ ਖੜ੍ਹੀ ਕਰਨ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

More from this section