ਪੰਜਾਬ

ਨੇੜਲੇ ਸਿਹਤ ਕੇਂਦਰਾਂ ਵਿੱਚ ਜਮ੍ਹਾਂ ਕਰਵਾਇਆ ਜਾਵੇ ‘ਪਲਸ ਆਕਸੀਮੀਟਰ’

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ ਮਈ 14
ਸਿਹਤ ਮੰਤਰੀ  ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਸਿਹਤ ਵਿਭਾਗ ਨੇ ਸਿਹਤਯਾਬ ਹੋ ਚੁੱਕੇ ਕੋਵਿਡ-19 ਪਾਜਟਿਵ ਮਰੀਜ਼ਾਂ ਕੋਲੋਂ ਸਹਿਯੋਗ ਮੰਗਿਆ ਹੈ।
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿਚਾਲੇ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਰੀਜ਼ਾਂ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਉਣ ਵਿਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਪਲਸ ਆਕਸੀਮੀਟਰ ਕੋਰੋਨਾ ਮਰੀਜ਼ਾਂ ਦੇ ਆਕਸੀਜਨ ਪੱਧਰ ਉੱਤੇ ਨਿਗਰਾਨੀ ਰੱਖਣ ਲਈ ਬੇਹੱਦ ਜ਼ਰੂਰੀ ਉਪਕਰਨ ਹੈ ਅਤੇ ਇਸ ਦੀ ਮਦਦ ਨਾਲ ਮਰੀਜ਼ਾਂ ਦੀ ਸਿਹਤ ਨੂੰ ਗੰਭੀਰ ਹੋਣ ਤੋਂ ਪਹਿਲਾਂ ਸੰਭਾਲਿਆ ਜਾ ਸਕਦਾ ਹੈ।
ਡਾ. ਕਪੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕੋਵਿਡ-19 ਤੋਂ ਪੀੜਤ ਹਰ ਮਰੀਜ਼ ਨੂੰ ਅਸਰਦਾਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੋਰੋਨਾ ਫ਼ਤਹਿ ਕਿੱਟ ਮੁਹੱਈਆ ਕਰਵਾਉਣ ਦੀ ਪਹਿਲ ਕੀਤੀ ਗਈ ਸੀ, ਜਿਸ ਵਿਚ ਪਲਸ ਆਕਸੀਮੀਟਰ ਸਮੇਤ ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ ਤੇ ਮਾਸਕ ਤੋਂ ਇਲਾਵਾ ਕੋਵਿਡ-19 ਨਾਲ ਸਬੰਧਤ ਜਾਗਰੂਕਤਾ ਸਮੱਗਰੀ ਸ਼ਾਮਿਲ ਸੀ।
ਹੁਣ ਸੂਬੇ ਵਿਚ ਕੋਵਿਡ-19 ਕੇਸਾਂ ਵਿਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਨਵੇਂ ਪਲਸ ਆਕਸੀਮੀਟਰਾਂ ਦੀ ਉਪਲੱਬਧਤਾ ਵਿਚ ਕਮੀ ਆਈ ਹੈ, ਜਿਸ ਕਾਰਨ ਇਹ ਉਪਕਰਨ ਕੋਵਿਡ-19 ਮਰੀਜ਼ਾਂ ਨੂੰ ਖ਼ਰੀਦ ਕੇ ਦੇਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਾ. ਕਪੂਰ ਨੇ ਕੋਰੋਨਾ ਮਹਾਂਮਾਰੀ ਦੀ ਅਣਸੁਖਾਵੀਂ ਗੰਭੀਰ ਸਥਿਤੀ ਦੇ ਮੱਦੇਨਜ਼ਰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕੋਵਿਡ-19 ਪਾਜਟਿਵ ਮਰੀਜ਼ਾਂ ਨੇ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ, ਉਹ ਪਲਸ ਆਕਸੀਮੀਟਰਾਂ ਨੂੰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਜਮ੍ਹਾਂ ਕਰਵਾ ਦੇਣ ਤਾਂ ਜੋ ਇਹ ਬਿਹਤਰ ਦੇਖਭਾਲ ਲਈ ਕਿਸੇ ਹੋਰ ਕੋਰੋਨਾ ਮਰੀਜ਼ ਨੂੰ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਇਸ ਮੁਸ਼ਕਿਲ ਘੜੀ ਵਿਚ ਹੋਰਨਾਂ ਮਰੀਜ਼ਾਂ ਦੀ ਸਹਾਇਤਾ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲ ਨਾਲ ਸਿਹਤਯਾਬ ਹੋ ਚੁੱਕੇ ਕੋਵਿਡ-19 ਵਿਅਕਤੀ ਹੋਰਨਾਂ ਲੋਕਾਂ ਦੀ ਮਦਦ ਕਰਕੇ ਇਸ ਲੜਾਈ ਵਿਰੁੱਧ ਜਿੱਤ ਵਿਚ ਆਪਣਾ ਸਹਿਯੋਗ ਪਾ ਸਕਦੇ ਹਨ।