ਫ਼ਿਲਮੀ ਗੱਲਬਾਤ

ਨਿਮਰਤ ਖਹਿਰਾ ਤੇ ਸਿਮੀ ਚਾਹਲ ਨੇ ਠੁਕਰਾਈ ਸੰਨੀ ਦਿਓਲ ਦੀ ‘ਗਦਰ 2’ ਫ਼ਿਲਮ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਸਤੰਬਰ 16

ਕਿਸਾਨੀ ਅੰਦੋਲਨ ’ਚ ਪੰਜਾਬੀ ਸਿਤਾਰਿਆਂ ਦਾ ਯੋਗਦਾਨ ਇਸ ਗੱਲ ਤੋਂ ਦੇਖਣਾ ਬਣਦਾ ਹੈ ਕਿ ਉਨ੍ਹਾਂ ਵਲੋਂ ਹਰ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਕਿਸਾਨ ਵਿਰੋਧੀ ਹਨ। ਜਿਥੇ ਬੀਤੇ ਦਿਨੀਂ ਜ਼ੀ ਸਟੂਡੀਓਜ਼ ਨਾਲ ਕੰਮ ਕਰਨ ’ਤੇ ਪੰਜਾਬੀ ਗਾਇਕ ਐਮੀ ਵਿਰਕ ਤੇ ਜੱਸੀ ਗਿੱਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਥੇ ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਤੇ ਸਿਮੀ ਚਾਹਲ ਨੇ ਜ਼ੀ ਸਟੂਡੀਓਜ਼ ਤੇ ਸੰਨੀ ਦਿਓਲ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਨਿਮਰਤ ਖਹਿਰਾ ਨੂੰ ਲੈ ਕੇ ਇਹ ਅਫਵਾਹ ਉੱਡ ਰਹੀ ਸੀ ਕਿ ਉਸ ਨੇ ਸੰਨੀ ਦਿਓਲ ਤੇ ਜ਼ੀ ਸਟੂਡੀਓਜ਼ ਦੀ ਫ਼ਿਲਮ ‘ਗਦਰ 2’ ’ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਅੱਜ ਉਸ ਦੇ ਮੈਨੇਜਰ ਵਲੋਂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸੱਚ ਹੈ ਕਿ ਉਨ੍ਹਾਂ ਨੂੰ ਸੰਨੀ ਦਿਓਲ ਸਟਾਰਰ ਤੇ ਜ਼ੀ ਸਟੂਡੀਓਜ਼ ਵਲੋਂ ਬਣਾਈ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਆਫਰ ਆਇਆ ਸੀ ਪਰ ਉਨ੍ਹਾਂ ਨੇ ਇਸ ਆਫਰ ਨੂੰ ਮਨ੍ਹਾ ਕਰ ਦਿੱਤਾ ਹੈ।

ਉਥੇ ਸਿਮੀ ਚਾਹਲ ਦੀ ਗੱਲ ਕਰੀਏ ਤਾਂ ਸਿਮੀ ਚਾਹਲ ਨੇ ‘ਗਦਰ 2’ ਫ਼ਿਲਮ ਦੇ ਨਾਲ-ਨਾਲ ਜ਼ੀ ਸਟੂਡੀਓਜ਼ ਦੇ ਹੋਰ ਪ੍ਰਾਜੈਕਟਾਂ ਨੂੰ ਵੀ ਠੁਕਰਾ ਦਿੱਤਾ ਹੈ। ਸਿਮੀ ਚਾਹਲ ਨੇ ਸਾਡੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਾ ਸਿਰਫ ‘ਗਦਰ 2’ ਫ਼ਿਲਮ, ਸਗੋਂ ਉਨ੍ਹਾਂ ਨੇ ਜ਼ੀ ਸਟੂਡੀਓਜ਼ ਦੀ ਇਕ ਵੈੱਬ ਸੀਰੀਜ਼, 1 ਟੀ. ਵੀ. ਸ਼ੋਅ ਤੇ 2 ਗੀਤਾਂ ’ਚ ਕੰਮ ਕਰਨ ਤੋਂ ਮਨ੍ਹਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਨਿਮਰਤ ਖਹਿਰਾ ਤੇ ਸਿਮੀ ਚਾਹਲ ਵੱਧ-ਚੜ੍ਹ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਆਏ ਦਿਨ ਇਨ੍ਹਾਂ ਸਿਤਾਰਿਆਂ ਵਲੋਂ ਕਿਸਾਨਾਂ ਦੇ ਹੱਕ ’ਚ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅਜਿਹੇ ’ਚ ਕਿਸਾਨ ਵਿਰੋਧੀ ਪੱਖ ਰੱਖਣ ਵਾਲਿਆਂ ਨਾਲ ਕੰਮ ਕਰਨ ਤੋਂ ਮਨ੍ਹਾ ਕਰਨਾ ਕਾਬਿਲ-ਏ-ਤਾਰੀਫ਼ ਹੈ।