ਪੰਜਾਬ

ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ

ਫ਼ੈਕ੍ਟ ਸਮਾਚਾਰ ਸੇਵਾ
ਜਲੰਧਰ, ਅਗਸਤ 10
ਨਹਿਰੂ ਯੁਵਾ ਕੇਂਦਰ, ਜਲੰਧਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਵੱਲੋਂ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਮਾਜ ਸੇਵੀ ਸੰਗਠਨਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ। ਵਧੀਕ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਹਾਇਕ ਕਮਿਸ਼ਨਰ (ਯੂਟੀ) ਓਜਸਵੀ ਅਲੰਕਾਰ ਵੀ ਮੌਜੂਦ ਸਨ, ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਜ਼ਿਲ੍ਹੇ ਦੇ ਯੂਥ ਕਲੱਬ, ਖਾਸ ਕਰਕੇ ਪਿੰਡਾਂ ਦੇ ਨੌਜਵਾਨ ਸਰਕਾਰ ਦੇ ਪ੍ਰੋਗਰਾਮਾਂ ਤੇ ਯੋਜਨਾਵਾਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਵਿੱਚ ਅਹਿਮ ਭੁਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਯੂਥ ਕਲੱਬ ਬਣਾਏ ਜਾਣ ਅਤੇ ਪੰਜਾਬ ਸਟੇਟ ਲਾਇਵਲੀਹੁੱਡ ਮਿਸ਼ਨ ਅਧੀਨ ਪਿੰਡਾਂ ਦੀਆਂ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪ ਬਣਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ । ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਲਈ ਯੂਥ ਕਲੱਬਾਂ ਰਾਹੀਂ ਉਥੋਂ ਦੇ ਲੋਕਾਂ ਨੂੰ ਕੂੜੇ-ਕਰਕਟ ਦੀ ਸੈਗਰੀਗੇਸ਼ਨ ਬਾਰੇ ਜਾਣਕਾਰੀ ਦੇਣ ਲਈ ਕਿਹਾ । ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਹਿਰੂ ਯੁਵਾ ਕੇਂਦਰ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ਼ ਲਾਮਬੰਦ ਕੀਤਾ ਜਾਵੇ। ਮੀਟਿੰਗ ਵਿੱਚ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ, ਬਾਰੇ ਚਰਚਾ ਕਰਨ ਤੋਂ ਇਲਾਵਾ ਉਨ੍ਹਾਂ ਕੇਂਦਰ ਨਾਲ ਜੁੜੇ ਯੂਥ ਕਲੱਬਾਂ ਅਤੇ ਨੌਜਵਾਨਾਂ ਨੂੰ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿੱਚ ਸਰਗਰਮ ਭੁਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਸਕਣ। ਇਸ ਤੋਂ ਪਹਿਲਾਂ ਨਿਤਿਆਨੰਦ ਯਾਦਵ ਜ਼ਿਲ੍ਹਾ ਯੂਥ ਅਧਿਕਾਰੀ ਵੱਲੋਂ 2021-22 ਦੀ ਸਾਲਾਨਾ ਕਾਰਜ ਯੋਜਨਾ ਪੇਸ਼ ਕੀਤੀ ਗਈ ਅਤੇ ਕੇਂਦਰ ਦੇ ਕੰਮਾਂ ‘ਤੇ ਚਾਨਣਾ ਪਾਇਆ। ਕਲੀਨ ਵਿਲੇਜ, ਗ੍ਰੀਨ ਵਿਲੇਜ, ਜਲ ਜਾਗਰਣ ਅਭਿਆਨ, ਫਿੱਟ ਇੰਡੀਆ, ਆਤਮ ਨਿਭਰਭ ਭਾਰਤ, ਕੋਵਿਡ-19 ਸਬੰਧੀ ਗਤੀਵਿਧੀਆਂ, ਯੂਥ ਕਲੱਬ ਵਿਕਾਸ ਅਭਿਆਨ ਆਦਿ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਤੇ ਗੌਰ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ ਸ਼ਰਮਾ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ, ਰਿਸ਼ਿਵ ਸਿੰਗਲਾ ਲੇਖਾ ਅਤੇ ਪ੍ਰੋਗਰਾਮ ਸਹਾਇਕ, ਜਸਪਾਲ ਸਿੰਘ ਸਹਾਇਕ ਨਿਦੇਸ਼ਕ ਯੁਵਕ ਸੇਵਾ, ਪ੍ਰੋ. ਐਸ.ਕੇ. ਮਿੱਢਾ, ਅਸ਼ਵਨੀ ਕੁਮਾਰ, ਸੰਸਥਾ ਹਰਿਆਵਲ ਪੰਜਾਬ ਤੋਂ ਪੁਨੀਤ ਖੰਨਾ, ਡਾ. ਮਾਨਵ ਮਿੱਢਾ, ਅੰਕਿਤ ਸ਼ਰਮਾ, ਲਵਲੀ ਭੱਲਾ, ਜਤਿਨ ਮੱਟੂ, ਜਗਦੀਸ਼ ਕੌਰ, ਅੰਕਿਤ, ਗੋਪਾਲ ਸ਼ਰਮਾ, ਰਾਹੁਲ ਕੌਸ਼ਲ ਅਤੇ ਹੋਰ ਮੌਜੂਦ ਸਨ।