ਪੰਜਾਬ

ਨਵਜੋਤ ਸਿੱਧੂ’ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ ਅਗਸਤ 31
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ਦੇ ਮੁੱਦੇ ਸਬੰਧੀ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ ਅਤੇ ਕਈ ਸਵਾਲ ਖੜ੍ਹੇ ਕੀਤੇ ਹਨ। ਨਵਜੋਤ ਸਿੰਘ ਸਿੱਧੂ ਨੇ ਡਰੱਗ ਮਾਫ਼ੀਆ ਰਾਹੀਂ ਸੂਬੇ ਵਿੱਚ ਫ਼ੈਲਾਏ ਨਸ਼ੇ ਦੇ ਜਾਲ ਵਿਚ ਆਪਣੇ ਬੱਚੇ ਗੁਆਉਣ ਵਾਲੇ ਹਜ਼ਾਰਾਂ ਪੀੜਤ ਮਾਪਿਆਂ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਾਬਕਾ ਅਕਾਲੀ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐੱਫ.) ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬਹੁ-ਚਰਚਿਤ 6000 ਕਰੋੜ ਦੇ ਭੋਲਾ ਡਰੱਗ ਰੈਕੇਟ ਮਾਮਲੇ ਵਿਚ ਸਪੈਸ਼ਲ ਟਾਸਕ ਫੋਰਸ ਦੀ ਇਹ ਰਿਪੋਰਟ ਮਾਣਯੋਗ ਉੱਚ ਅਦਾਲਤ ਦੇ ਡਵੀਜ਼ਨ ਬੈਂਚ ਵੱਲੋਂ 2 ਸਤੰਬਰ, 2021 ਨੂੰ ਖੋਲ੍ਹੀ ਜਾ ਸਕਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਮੁੱਖ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਦਾਲਤ ਵੱਲੋਂ ਦਿੱਤੀ ਤਾਰੀਖ਼ ਨੇੜੇ ਹੈ, ਸਭ ਦੀਆਂ ਨਜ਼ਰਾਂ ਉੱਚ ਅਦਾਲਤ ‘ਤੇ ਟਿਕੀਆਂ ਹਨ, ਖ਼ਾਸ ਤੌਰ ‘ਤੇ ਨਸ਼ਾ ਮਾਫ਼ੀਆ ਦੇ ਹੱਥੋਂ ਆਪਣੇ ਮਾਸੂਮ ਬੱਚੇ ਗੁਆਉਣ ਵਾਲੇ ਮਾਪਿਆਂ ਨੂੰ ਬਹੁਤ ਉਮੀਦ ਹੈ ਕਿ ਅਦਾਲਤ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਨੇ ਨਾਗਰਿਕਾਂ ਦੀ ਅਸਲ ਰੱਖਿਅਕ ਹੋਣ ਦਾ ਹਮੇਸ਼ਾ ਪ੍ਰਮਾਣ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰ ਉੱਪਰ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਬਾਅਦ ਵੀ ਕੇਂਦਰ ਅਤੇ ਰਾਜ ਸਰਕਾਰ ਨੇ 13 ਨਸ਼ਾ ਤਸਕਰਾਂ, ਜਿਨ੍ਹਾਂ ਨੇ ਸਾਬਕਾ ਮੰਤਰੀ ਮਜੀਠੀਆ ਵੱਲੋਂ ਦਿੱਤੀਆਂ ਵਿਸ਼ੇਸ਼ ਗੱਡੀਆਂ ਰਾਹੀਂ ਸਰਕਾਰੀ ਸੁਰੱਖਿਆ ਅਧੀਨ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਅਤੇ ਕੁੱਝ ਬਾਹਰਲੇ ਮੁਲਕਾਂ ‘ਚ ਵੀ ਨਸ਼ਾ ਭੇਜਿਆ, ਦੀ ਹਵਾਲਗੀ ਲਈ ਕੁੱਝ ਨਹੀਂ ਕੀਤਾ। ਸੂਬਾ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਆਮ ਨਾਗਰਿਕ ਵੀ ਇਹ ਗੱਲ ਸਮਝ ਸਕਦਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਛੂਹਿਆ ਗਿਆ। ਸਿੱਧੂ ਨੇ ਕਿਹਾ ਕਿ ਇਹ ਦੋਸ਼ੀ ਮਜੀਠੀਏ ਵੱਲੋਂ ਮੁਹੱਈਆ ਕਰਵਾਈਆਂ ਸੁਰੱਖਿਆ ਪ੍ਰਾਪਤ ਵਿਸ਼ੇਸ਼ ਗੱਡੀਆਂ ਵਿਚ ਘੁੰਮੇ ਹੀ ਨਹੀਂ, ਸਗੋਂ ਉਹ ਉਸਦੇ ਨਾਲ ਰਹਿੰਦੇ ਵੀ ਰਹੇ। ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਾਹਲ ਨਾਲ ਹੋਏ ਪੈਸੇ ਦੇ ਲੈਣ-ਦੇਣ, ਪਹਿਲਵਾਨੀ ਤੋਂ ਪੁਲਸ ਸੇਵਾ ਵਿਚ ਆਏ ਭੋਲਾ ਅਤੇ ਬਿਕਰਮ ਮਜੀਠੀਆ ਦੇ ਚੋਣ ਏਜੰਟ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ ਦੇ ਬਿਆਨ ਇਸ ਮਾਮਲੇ ਵਿਚ ਬਿਕਰਮ ਮਜੀਠੀਆ ਦੀ ਸ਼ਮੂਲੀਅਤ ਹੋਣ ਦੇ ਪੁਖਤਾ ਸਬੂਤ ਹਨ। ਅਸੀਂ ਕੀ ਛੁਪਾ ਰਹੇ ਹਾਂ? ਕੋਈ ਕਾਰਵਾਈ ਕਿਉਂ ਨਹੀਂ? ਪਾਰਦਰਸ਼ਤਾ ਕਿਉਂ ਨਹੀਂ? ਇਹ ਦੇਰੀ ਕਿਉਂ? ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦਾ ਮਸਲਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਭ ਦੀਆਂ ਨਜ਼ਰਾਂ ਮਾਣਯੋਗ ਹਾਈਕੋਰਟ ‘ਤੇ ਟਿਕੀਆਂ ਹਨ ਕਿਉਂਕਿ ਪੰਜਾਬ ਦੇ ਲੋਕ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਨੂੰ ਖੋਲ੍ਹੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।