ਚੰਡੀਗੜ੍ਹ

ਨਗਰ ਨਿਗਮ ਦੀ ਟੀਮ ਨੇ ਹਟਾਏ ਨਾਜਾਇਜ਼ ਕਬਜ਼ੇ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 04
ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਖਿ਼ਲਾਫ਼ ਮੁਹਿੰਮ ਛੇੜੀ ਗਈ ਅਤੇ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਥਾਂ ’ਤੇ ਕਬਜ਼ਾ ਕਰਨ ਵਾਲਿਆਂ ’ਤੇ ਸਖਤੀ ਕੀਤੀ ਗਈ। ਐਨਫੋਰਸਮੈਂਟ ਵਿੰਗ ਵਲੋਂ ਅੱਜ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਰੋਹਿਤ ਗੁਪਤਾ ਦੇ ਆਦੇਸ਼ਾਂ ‘ਤੇ ਅਤੇ ਐਨਫੋਰਸਮੈਂਟ ਵਿੰਗ ਦੇ ਜ਼ੋਨ 1 ਦੀ ਟੀਮ ਦੇ ਇੰਸਪੈਕਟਰ ਡੀਪੀ ਸਿੰਘ ਦੀ ਨਿਗਰਾਨੀ ਹੇਠ ਕੀਤੀ ਕਾਰਵਾਈ ਦੌਰਾਨ ਕਾਬਜ਼ਕਾਰਾਂ ਦੇ ਚਲਾਨ ਕੱਟ ਕੇ ਸਾਮਾਨ ਜ਼ਬਤ ਕੀਤਾ। ਇਸ ਦੌਰਾਨ ਨਿਗਮ ਦੀ ਐਨਫੋਰਸਮੈਂਟ ਵਿੰਗ ਸੈਕਟਰ 12, 14, 34 ਅਤੇ ਮਨੀਮਾਜਰਾ ਵਿਖੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਚਲਾਈ ਸਾਂਝੀ ਮੁਹਿੰਮ ਦੌਰਾਨ ਕੁੱਲ 66 ਚਲਾਨ ਕੱਟ ਕੇ 6 ਟਰੱਕ ਸਾਮਾਨ ਜ਼ਬਤ ਕੀਤਾ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਅਤੇ ਮਾਰਕੀਟ ਵਿੱਚ ਜਨਤਕ ਥਾਵਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਉੱਥੇ ਰੱਖਿਆ ਸਾਮਾਨ ਜ਼ਬਤ ਕਰ ਕੇ ਚਲਾਨ ਕੱਟੇ ਗਏ। ਨਗਰ ਨਿਗਮ ਦੀ ਮੁਹਿੰਮ ਦਾ ਇਥੇ ਮਨੀਮਾਜਰਾ ਮੋਟਰ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਵਿਰੋਧ ਕੀਤਾ ਪਰ ਨਗਰ ਨਿਗਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਇਸ ਕਾਰਵਾਈ ਦੌਰਾਨ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਅਤੇ ਉਥੇ ਕੰਮ ਕਰਨ ਵਾਲੇ ਮੇਕੈਨਿਕਾਂ ਵਲੋਂ ਪਾਰਕਿੰਗ ਵਿੱਚ ਕਬਜ਼ਾ ਕਰਕੇ ਰੱਖਿਆ ਸਾਮਾਨ ਜ਼ਬਤ ਕੀਤਾ ਅਤੇ ਚਲਾਨ ਕੱਟੇ। ਇਸੇ ਦੌਰਾਨ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਸਰਕਾਰੀ ਥਾਵਾਂ ਦੇ ਨਾਜਾਇਜ਼ ਕਬਜ਼ੇ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਨਗਰ ਨਿਗਮ ਵੱਲੋਂ ਅਗਸਤ ਮਹੀਨੇ ਵਿੱਚ ਸ਼ਹਿਰ ਦੇ ਵੱਖ ਇਲਾਕਿਆਂ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲੇ ਕੁੱਲ 1573 ਡਿਫਾਲਟਰਾਂ ਦੇ ਚਲਾਨ ਕੱਟੇ ਗਏ ਅਤੇ ਉਨ੍ਹਾਂ ਤੋਂ ਜ਼ੁਰਮਾਨੇ ਦੇ ਰੂਪ ਵਿੱਚ 13 ਲੱਖ 68 ਹਜ਼ਾਰ ਰੁਪਏ ਦੀ ਰਾਸ਼ੀ ਵਸੂਲੀ ਗਈ।

More from this section