ਧਰਮਸੋਤ ਨੇ ਸਵੈ ਰੋਜ਼ਗਾਰ ਲਈ ਐਸ.ਸੀ. ਲਾਭਪਾਤਰੀਆਂ ਨੂੰ ਨਾਭਾ ‘ਚ ਵੰਡੀਆਂ 10 ਲੱਖ ਰੁਪਏ ਦੀਆਂ 90 ਰਿਕਸ਼ਾ ਰੇਹੜੀਆਂ

ਫ਼ੈਕ੍ਟ ਸਮਾਚਾਰ ਸੇਵਾ
ਨਾਭਾ, ਜੂਨ 26

ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਜ਼ਿਲ੍ਹੇ ਦੇ 500 ਐਸ.ਸੀ. ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਲਈ ਰਿਕਸ਼ਾ ਰੇਹੜੀਆਂ ਵੰਡਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨਾਭਾ ‘ਚ 90 ਲਾਭਪਾਤਰੀਆਂ ਨੂੰ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਵਿਭਾਗ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਰਿਕਸ਼ਾ ਰੇਹੜੀਆਂ ਵੰਡੀਆਂ।

ਅੱਜ ਇੱਥੇ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਪੁਗਾਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 79 ਲੱਖ ਰੁਪਏ ਦੀ ਲਾਗਤ ਨਾਲ 920 ਐਸ.ਸੀ. ਲਾਭਪਾਤਰੀਆਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ ਘਰ-ਘਰ ਰੋਜ਼ਗਾਰ ਤਹਿਤ ਸਿਲਾਈ ਮਸ਼ੀਨਾਂ, ਸਪਰੇਅ ਪੰਪ ਅਤੇ ਰਿਕਸ਼ਾ ਰੇਹੜੀਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 240 ਐਸ.ਸੀ. ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ 180 ਸਪਰੇਅ ਪੰਪ ਆਦਿ ਸਮਾਨ ਸਵੈ ਰੋਜ਼ਗਾਰ ਲਈ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ  ਧਰਮਸੋਤ ਨੇ ਅੱਗੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਜ਼ਿਲ੍ਹਾ ਸਮਾਜਿਕ ਸੁੁਰੱਖਿਆ ਅਤੇ ਅਧਿਕਾਰਤਾ ਵਿਭਾਗ ਨਾਲ ਤਾਲਮੇਲ ਰਾਹੀਂ ਇਨ੍ਹਾਂ ਲਾਭਪਾਤਰੀਆਂ ਦੀ ਪਛਾਣ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸਵੈ-ਰੋਜ਼ਗਾਰ ਚਲਾਉਣ ਲਈ ਸਹਾਇਤਾ ਕੀਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਸਾਧੂ ਸਿੰਘ ਧਰਮਸੋਤ ਨੇ ਇੱਕ ਸਵਾਲ ਦੇ ਜਵਾਬ ‘ਚ ਆਖਿਆ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ ਹੈ ਬਲਕਿ ਖਾਸ ਲੋਕਾਂ ਦੀ ਪਾਰਟੀ ਅਤੇ ਬਾਕੀ ਪਾਰਟੀਆਂ ਵੱਲੋਂ ਨਕਾਰੇ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ, ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।

ਧਰਮਸੋਤ ਨੇ ਅਕਾਲੀ ਦਲ ਬਾਦਲ ਵੱਲੋਂ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਸਿਟ ਦੀ ਜਾਂਚ ਸਬੰਧੀ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਨੂੰਨ ਦੀ ਨਜ਼ਰ ‘ਚ ਸਭ ਇੱਕ ਹਨ ਅਤੇ ਇਸ ਜਾਂਚ ਪਿਛੇ ਕੋਈ ਸਿਆਸੀ ਬਦਲਾਖੋਰੀ ਨਹੀਂ ਬਲਕਿ ਇਹ ਜਾਂਚ ਮਾਨਯੋਗ ਅਦਾਲਤ ਦੇ ਹੁਕਮਾਂ ‘ਤੇ ਹੀ ਹੋ ਰਹੀ ਹੈ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੰਟੀ, ਚੇਅਰਮੈਨ ਬਲਾਕ ਸੰਮਤੀ ਇੱਛਿਆਮਾਨ ਸਿੰਘ ਭੋਜੋਮਾਜਰੀ, ਪ੍ਰਧਾਨ ਨਗਰ ਪੰਚਾਇਤ ਭਾਦਸੋਂ ਚੁੰਨੀ ਲਾਲ, ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਦਲੀਪ ਬਿੱਟੂ, ਕੌਂਸਲਰ ਪਵਨ ਗਰਗ, ਕਸ਼ਮੀਰ ਸਿੰਘ ਲਾਲਕਾ, ਹਰਮੇਸ਼ ਮੇਸ਼ੀ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ ਅਤੇ ਐਸ.ਸੀ. ਲਾਭਪਾਤਰੀ ਮੌਜੂਦ ਸਨ।

More from this section