ਧਰਮ ਤੇ ਵਿਰਸਾ

ਦਿੱਲੀ ਕਮੇਟੀ ਚੋਣਾਂ ਲਈ ਅਕਾਲੀ ਦਲ ਦੀ ਮੁਹਿੰਮ ਨੁੰ ਸੰਗਤ ਦਾ ਭਰਵਾਂ ਹੁੰਗਾਰਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਅਗਸਤ 17

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅਕਾਲੀ ਦਲ ਦੀ ਮੁਹਿੰਮ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਜਿਥੇ ਜਾਗੋ ਪਾਰਟੀ ਦੇ ਉਮੀਦਵਾਰ ਵੀ ਅਕਾਲੀ ਦਲ ਵਿਚ ਸ਼ਾਮਲ ਹੋਇਆ ਹੈ, ਉਥੇ ਹੀ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਅਕਾਲੀ ਦਲ ਨਾਲ ਜੁੜਨ ਲਈ ਸੰਗਤ ਵਿਚ ਵੱਡਾ ਉਤਸ਼ਾਹ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਮੌਜੂਦਾ ਟੀਮ ਵੱਲੋਂ ਕੀਤੀ ਸੇਵਾ ਤੇ ਸੰਗਤਾਂ ਦੀਆਂ ਮੁਸ਼ਕਿਲਾਂ ਨਜਿੱਠਣ ਲਈ ਕੀਤੇ ਉਪਰਾਲਿਆਂ ਸਦਕਾ ਹੀ ਸੰਗਤਾਂ ਦੀ ਮੁਹਾਰ ਅਕਾਲੀ ਦਲ ਵੱਲ ਹੈ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਜਿਥੇ ਗੁਰਦੁਆਰਾ ਪ੍ਰਬੰਧਾਂ ਵਿਚ ਵੱਡਾ ਸੁਧਾਰ ਹੋਇਆ ਹੈ, ਉਥੇ ਹੀ ਕੋਰੋਨਾ ਮਹਾਮਾਰੀ ਦੌਰਾਨ ਸੰਗਤਾਂ ਦੀ ਵੱਡੀ ਸੇਵਾ ਮੌਜੂਦਾ ਟੀਮ ਨੇ ਕੀਤੀ ਹੈ। ਉਹਨਾਂ ਕਿਹਾ ਕਿ ਲਾਕ ਡਾਊਨ ਦੌਰਾਨ ਲੰਗਰ ਸੇਵਾ, ਕਿਸਾਨਾਂ ਲਈ ਲੰਗਰ ਸੇਵਾ, ਮੈਡੀਕਲ ਇਲਾਜ ਸਹੂਲਤਾਂ, ਸਸਤੀ ਐਮ ਆਰ ਆਈ ਤੇ ਸੀ ਟੀ ਸਕੈਨ, 400 ਬੈਡਾਂ ਦਾ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ, 125 ਬੈਡਾਂ ਦਾ ਗੁਰੂ ਹਰਿਕ੍ਰਿਸ਼ਨ ਹਸਪਤਾਲ ਸਮੇਤ ਕੋਰੋਨਾ ਪੀੜਤ ਸਿੱਖ ਪਰਿਵਾਰਾਂ ਦੀ ਸੇਵਾ ਸਮੇਤ ਮੌਜੂਦਾ ਟੀਮ ਨੇ ਸੰਗਤਾਂ ਵਾਸਤੇ ਵੱਧ ਚੜ੍ਹ ਕੇ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਸਾਡੀ ਸੰਗਤਾਂ ਦੀ ਸੇਵਾ ਵਾਸਤੇ ਡਟੀ ਟੀਮ ਹੈ ਜਿਸਦਾ ਇਕੋ ਇਕ ਨਿਸ਼ਾਨਾ ਸੰਗਤਾਂ ਦੀ ਸੇਵਾ ਤੇ ਗੁਰੂ ਘਰਾਂ ਦੀ ਸੇਵਾ ਹੈ।

ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰੋਗਰਾਮਾਂ ਵਿਚ ਸੰਗਤਾਂ ਹੁੰਮ ਹੁੰਮਾ ਕੇ ਪੁੱਜ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੁੰ ਪੂਰਨ ਵਿਸ਼ਵਾਸ ਹੈ ਕਿ ਸੰਗਤਾਂ ਇਕ ਵਾਰ ਫਿਰ ਤੋਂ ਸੇਵਾ ਮੌਜੂਦਾ ਟੀਮ ਦੀ ਝੋਲੀ ਵਿਚ ਪਾਉਣਗੀਆਂ। ਉਹਨਾਂ ਕਿਹਾ ਕਿ ਜਿਸ ਤਰੀਕੇ ਅਸੀਂ ਪਿਛਲੇ ਦੋ ਸਾਲਾਂ ਵਿਚ ਡੱਟ ਕੇ ਸੇਵਾ ਕੀਤੀ ਹੈ, ਇਸੇ ਤਰੀਕੇ ਅੱਗੇ ਵੀ ਸੇਵਾ ਜਾਰੀ ਰਹੇਗੀ।