ਖੇਡ

ਦਿੱਗਜ ਹਾਕੀ ਖਿਡਾਰੀ ਕੇਸ਼ਵ ਦੱਤ ਦਾ ਦਿਹਾਂਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 7

ਓਲੰਪਿਕ ਸੋਨ ਤਗਮਾ ਜੇਤੂ ਭਾਰਤੀ ਹਾਕੀ ਟੀਮ ਦਾ 2 ਵਾਰ ਹਿੱਸਾ ਰਹੇ ਕੇਸ਼ਵ ਦੱਤ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਸਾਬਕਾ ਸੈਂਟਰ ਹਾਫਬੈਕ ਦੱਤ ਨੇ ਦੁਪਹਿਰ 12.30 ਵਜੇ ਕੋਲਕਾਤਾ ਦੇ ਸੰਤੋਸ਼ਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਉਹ ਹਾਕੀ ਵਿਚ ਭਾਰਤ ਦੇ ਸੁਨਹਿਰੀ ਦੌਰ ਦਾ ਹਿੱਸਾ ਸਨ। ਉਹ 1948 ਦੇ ਓਲੰਪਿਕਸ ਵਿਚ ਭਾਰਤੀ ਟੀਮ ਦਾ ਹਿੱਸਾ ਸਨ, ਜਿੱਥੇ ਭਾਰਤ ਨੇ ਲੰਡਨ ਦੇ ਵੇਂਬਲੇ ਸਟੇਡੀਅਮ ਵਿਚ ਘਰੇਲੂ ਟੀਮ ਬ੍ਰਿਟੇਨ ਨੂੰ 4-0 ਨਾਲ ਹਰਾ ਕੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਾਕੀ ਵਿਚ ਸੋਨ ਤਮਗਾ ਜਿੱਤਿਆ ਸੀ। ਲੰਡਨ ਓਲੰਪਿਕ ਤੋਂ ਪਹਿਲਾਂ ਉਹ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਅਗਵਾਈ ਹੇਠ 1947 ਵਿਚ ਪੂਰਬੀ ਅਫਰੀਕਾ ਦੇ ਦੌਰੇ ‘ਤੇ ਵੀ ਗਏ ਸਨ।

ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰਾ ਨਿੰਗੋਮਬਮ ਨੇ ਬਿਆਨ ਵਿਚ ਕਿਹਾ ਕਿ ਅੱਜ ਸਵੇਰੇ ਮਹਾਨ ਹਾਫਬੈਕ ਕੇਸ਼ਵ ਦੱਤ ਦੇ ਦੇਹਾਂਤ ਹੋਣ ਬਾਰੇ ਸੁਣ ਕੇ ਸਭ ਬਹੁਤ ਦੁਖੀ ਹਨ। ਉਹ 1948 ਅਤੇ 1952 ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀਆਂ ਭਾਰਤੀ ਟੀਮਾਂ ਦਾ ਇਕਮਾਤਰ ਜੀਵਿਤ ਮੈਂਬਰ ਸਨ ਅਤੇ ਅੱਜ ਅਜਿਹਾ ਲੱਗਦਾ ਹੈ ਕਿ ਇਕ ਯੁੱਗ ਦਾ ਅੰਤ ਹੋ ਗਿਆ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ। ਭਾਰਤੀ ਟੀਮ ਦਾ ਇਕ ਮਹੱਤਵਪੂਰਨ ਹਿੱਸਾ ਰਹੇ ਦੱਤ ਨੇ 1951–1953 ਅਤੇ ਫਿਰ 1957–1958 ਵਿਚ ਮੋਹਨ ਬਾਗਾਨ ਹਾਕੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਦੀ ਮੌਜੂਦਗੀ ਵਾਲੀ ਮੋਹਣ ਬਾਗਾਨ ਦੀ ਟੀਮ ਨੇ 10 ਸਾਲਾਂ ਵਿਚ ਹਾਕੀ ਲੀਗ ਦਾ ਖ਼ਿਤਾਬ 6 ਵਾਰ ਅਤੇ ਬੇਟਨ ਕੱਪ 3 ਵਾਰ ਜਿੱਤਿਆ। ਉਨ੍ਹਾਂ ਨੂੰ 2019 ਵਿਚ ਮੋਹਨ ਬਾਗਾਨ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ-ਫੁੱਟਬਾਲਰ ਬਣ ਗਏ ਸਨ।