ਤੇਜ਼ੀ ਨਾਲ ਅੱਗੇ ਵਧ ਰਿਹਾ ਮਾਨਸੂਨ, ਮੁੰਬਈ ’ਚ ਭਾਰੀ ਬਾਰਿਸ਼ ਦੀ ਚਿਤਾਵਨੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 8
ਮਾਨਸੂਨ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ, ਉਸ ਨਾਲ ਦਿੱਲੀ-ਐੱਨਸੀਆਰ ਸਮੇਤ ਉੱਤਰ ਭਾਰਤ ਨੂੰ ਜਲਦ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਮੁੰਬਈ ਸਮੇਤ ਸੂਬਿਆਂ ਦੇ ਹੋਰ ਤੱਟੀ ਖੇਤਰਾਂ ’ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਉੱਥੇ ਹੀ ਮੱਧ ਪ੍ਰਦੇਸ਼ ’ਚ ਪ੍ਰੀ-ਮਾਨਸੂਨ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਹੁਣ ਪੂਰਬੀ ਭਾਰਤ ਵੱਲ ਵਧ ਰਿਹਾ ਹੈ। ਮਹਾਰਾਸ਼ਟਰ ਤੋਂ ਬਾਅਦ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ’ਚ ਮਾਨਸੂਨ ਦੇ ਜਲਦ ਪਹੁੰਚਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ’ਚ 11 ਜੂਨ ਦੇ ਘੱਟ ਦਬਾਅ ਦਾ ਖੇਤਰ ਬਣਾਉਣ ਦੀ ਸੰਭਾਵਨਾ ਜਤਾਈ ਹੈ। ਇਸ ਦਾ ਅਸਰ ਮਾਨਸੂਨ ’ਤੇ ਦਿਖਾਈ ਦੇ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 11 ਜੂਨ ਤਕ ਮਾਨਸੂਨ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ (ਮੁੰਬਈ ਸਮੇਤ), ਤੇਲੰਗਾਨਾ, ਆਂਧਰਾ ਪ੍ਰਦੇਸ਼ ਤਕ ਪਹੁੰਚ ਜਾਵੇਗਾ ਤੇ 11-13 ਜੂਨ ਦੇ ਵਿਚਕਾਰ ਓਡੀਸ਼ਾ, ਪੱਛਮੀ ਬੰਗਾਲ, ਛੱਤੀਸਗੜ੍ਹ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਤੇ ਗੁਜਰਾਤ ਤਕ ਪਹੁੰਚਣ ਦਾ ਅਨੁਮਾਨ ਹੈ।

More from this section