ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 3
ਤੇਲੰਗਾਨਾ ਤੋਂ ਇੱਕ ਵੱਡੇ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਰੰਗਾਰੇਡੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਬੱਸ ਅਤੇ ਡੰਪਰ ਦੀ ਟੱਕਰ ਹੋ ਗਈ, ਜਿਸ ਵਿੱਚ 20 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹੇ ‘ਚ ਬੱਜਰੀ ਲੈ ਕੇ ਜਾ ਰਹੇ ਇੱਕ ਡੰਪਰ ਦੀ ਰੋਡਵੇਜ਼ ਦੀ ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ‘ਚ ਜ਼ਿਆਦਾਤਰ ਬੱਚੇ ਅਤੇ ਦਫਤਰ ਜਾ ਰਹੇ ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 18 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੰਪਰ ਚੇਵੇਲਾ ਨੇੜੇ ਤੇਲੰਗਾਨਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਆਰਟੀਸੀ) ਦੇ ਵਾਹਨ ਨਾਲ ਟਕਰਾ ਗਿਆ, ਜਿਸ ਕਾਰਨ ਬੱਸ ‘ਤੇ ਬੱਜਰੀ ਡਿੱਗ ਗਈ। ਘਟਨਾ ਬਾਰੇ ਪੁਲਿਸ ਨੇ ਦੱਸਿਆ ਕਿ ਰੰਗਰੇਡੀ ਜ਼ਿਲ੍ਹੇ ਦੇ ਚੇਵੇਲਾ ਪੁਲਿਸ ਸਟੇਸ਼ਨ ਦੇ ਅਧੀਨ ਖਾਨਪੁਰ ਫਾਟਕ ਨੇੜੇ ਟੀਜੀਐਸਆਰਟੀਸੀ ਦੀ ਬੱਸ ਅਤੇ ਇੱਕ ਟਰੱਕ ਵਿਚਕਾਰ ਸੜਕ ਹਾਦਸਾ ਹੋਇਆ। ਇਹ ਘਟਨਾ ਅੱਜ ਸਵੇਰੇ ਵਾਪਰੀ। ਅਸੀਂ ਮੌਕੇ ‘ਤੇ ਪਹੁੰਚ ਗਏ ਹਾਂ ਅਤੇ ਹੋਰ ਜਾਣਕਾਰੀ ਬਾਅਦ ‘ਚ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਤੇਲੰਗਾਨਾ ਦੀ ਮੰਤਰੀ ਪੋਨਮ ਪ੍ਰਭਾਕਰ ਨੇ ਇਸ ਗੰਭੀਰ ਸੜਕ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਤੇਲੰਗਾਨਾ ਦੀ ਮੰਤਰੀ ਪੋਨਮ ਪ੍ਰਭਾਕਰ ਨੇ ਟੀਜੀਐਸਆਰਟੀਸੀ ਦੇ ਐਮਡੀ ਨਾਗੀ ਰੈੱਡੀ ਅਤੇ ਰੰਗਾਰੈਡੀ ਜ਼ਿਲ੍ਹਾ ਕੁਲੈਕਟਰ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਜ਼ਖਮੀਆਂ ਨੂੰ ਚੰਗੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਲਤ ਸਾਈਡ ਤੋਂ ਆ ਰਹੇ ਟਿੱਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਮੰਤਰੀ ਨੇ ਟੀਜੀਐਸਆਰਟੀਸੀ ਦੇ ਅਧਿਕਾਰੀਆਂ ਨੂੰ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ।







