ਚੰਡੀਗੜ੍ਹ

ਤੇਜ਼ ਰਫ਼ਤਾਰ ਐਂਬੂਲੈਂਸ ਨੇ ਚਾਰ ਵਾਹਨਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਅਗਸਤ 24
ਇੱਥੇ ਸੈਕਟਰ-21/22-34/35 ਵਾਲੇ ਚੌਕ ਵਿੱਚ ਅੱਜ ਦੋ ਥ੍ਰੀ ਵ੍ਹੀਲਰ, ਇੱਕ ਕਾਰ ਅਤੇ ਐਕਟਿਵਾ ਤੇਜ਼ ਰਫ਼ਤਾਰ ਐਂਬੂਲੈਂਸ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅੱਧਾ ਦਰਜਨ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੈਕਟਰ-32 ਅਤੇ 16 ਵਿਚਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਮਗਰੋਂ ਐਂਬੂਲੈਂਸ ਚਾਲਕ ਫ਼ਰਾਰ ਹੋ ਗਿਆ ਹੈ। ਥਾਣਾ ਸੈਕਟਰ-34 ਦੀ ਪੁਲੀਸ ਨੇ ਐਂਬੂਲੈਂਸ, ਥ੍ਰੀ ਵ੍ਹੀਲਰ ਅਤੇ ਐਕਟਿਵਾ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰੇ ਸੈਕਟਰ-21/22-34/35 ਵਾਲੇ ਚੌਕ ਵਿੱਚ ਲਾਲ ਬੱਤੀ ਹੋਣ ਕਾਰਨ ਵਾਹਨ ਖੜ੍ਹੇ ਸਨ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਐਂਬੂਲੈਂਸ ਨੇ ਦੋ ਥ੍ਰੀ ਵ੍ਹੀਲਰਾਂ, ਕਾਰ ਅਤੇ ਐਕਟਿਵਾ ਨੂੰ ਟੱਕਰ ਮਾਰਦਿੱਤੀ। ਐਂਬੂਲੈਂਸ ਦੀ ਟੱਕਰ ਵੱਜਣ ਕਾਰਨ ਥ੍ਰੀ ਵ੍ਹੀਲਰ ਪਲਟ ਗਏ ਤੇ ਐਕਟਿਵਾ ਸਵਾਰ ਅਰਸ਼ਦ ਵਾਸੀ ਬੁੜੈਲ ਉੱਛਲ ਕੇ ਦੂਰ ਡਿੱਗਿਆ, ਜਿਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਹਾਦਸੇ ਵਿੱਚ ਆਬਿਦ (42) ਵਾਸੀ ਬੁੜੈਲ, ਰਣਬੀਰ ਸਿੰਘ (24) ਵਾਸੀ ਸੈਕਟਰ-63 ਮੁਹਾਲੀ ਅਤੇ ਹਰਸਿਮਰਨ ਕੌਰ (24) ਵਾਸੀ ਸੈਕਟਰ-45 ਜ਼ਖ਼ਮੀ ਹੋ ਗਏ ਤੇ ਕੁਝ ਹੋਰ ਲੋਕ ਜ਼ਖ਼ਮੀ ਹੋ ਗਏ। ਥਾਣਾ ਸੈਕਟਰ-34 ਦੇ ਸਬ-ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਐਂਬੂਲੈਂਸ ਚਾਲਕ ਫ਼ਰਾਰ ਹੈ ਤੇ ਪੀੜਤਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਅਰਸ਼ਦ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੀ ਤਿੰਨ ਸਾਲ ਦੀ ਧੀ ਅਤੇ 6 ਸਾਲ ਦਾ ਪੁੱਤਰ ਹੈ। ਉਸ ਦੀ ਮੌਤ ਮਗਰੋਂ ਪਰਿਵਾਰ ਨੂੰ ਸਾਂਭਣ ਵਾਲਾ ਕੋਈ ਨਹੀਂ ਰਿਹਾ। ਚੰਡੀਗੜ੍ਹ ਦੇ ਸੈਕਟਰ 29-31/30-32 ਵਾਲੇ ਚੌਕ ਵਿੱਚ ਦੇਰ ਰਾਤ ਤੇਜ਼ ਰਫ਼ਤਾਰ ਇੱਕ ਐਂਬੂਲੈਂਸ ਪਲਟ ਗਈ, ਜਿਸ ਦੀ ਲਪੇਟ ਵਿੱਚ ਮੋਟਰਸਾਈਕਲ ਤੇ ਆਟੋ ਆ ਗਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ। ਐਂਬੂਲੈਂਸ ਚਾਲਕ ਦੀ ਪਛਾਣ ਰਾਜਨ ਕੁਮਾਰ ਵਾਸੀ ਡਿਫੈਂਸ ਕਲੋਨੀ ਜ਼ੀਰਕਪੁਰ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਂਬੂਲੈਂਸ ਵਿੱਚੋਂ ਢਾਈ ਪੇਟੀਆਂ ਦੇ ਕਰੀਬ ਸ਼ਰਾਬ ਬਰਾਮਦ ਹੋਈ ਹੈ। ਸੈਕਟਰ- 34 ਦੇ ਸਬ-ਇੰਸਪੈਕਟਰ ਸਰਵਨ ਕੁਮਾਰ ਨੇ ਦੱਸਿਆ ਕਿ ਐਂਬੂਲੈਂਸ ਚਾਲਕ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਗੱਡੀ ਠੀਕ ਕਰਵਾਉਣ ਲਈ ਆਇਆ ਸੀ ਤੇ ਵਾਪਸੀ ਦੌਰਾਨ ਤੇਜ਼ ਰਫ਼ਤਾਰ ਹੋਣ ਕਾਰਨ ਐਂਬੂਲੈਂਸ ਪਲਟ ਗਈ। ਪੁਲੀਸ ਦਾ ਕਹਿਣਾ ਹੈ ਕਿ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਦਾ ਮੈਡੀਕਲ ਕਰਵਾਇਆ ਜਾਵੇਗਾ। ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।