ਤਰਨ ਤਾਰਨ ਜ਼ਿਮਨੀ ਚੋਣ ਲਈ ਕਰੀਬ 60.95 ਫ਼ੀਸਦੀ ਵੋਟਿੰਗ ਦਰਜ : ਸਿਬਿਨ ਸੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 12

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਵਿੱਚ ਸ਼ਾਮ 6 ਵਜੇ ਤੱਕ ਕਰੀਬ 60.95 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਸਿਬਿਨ ਸੀ ਨੇ ਦੱਸਿਆ ਕਿ ਵੋਟਿੰਗ ਫੀਸਦੀ ਦੇ ਸਟੀਕ ਅੰਕੜੇ ਭਲਕੇ ਸਵੇਰ ਤੱਕ ਹੀ ਅਪਡੇਟ ਕੀਤੇ ਜਾਣਗੇ ਜਦੋਂ ਪੋਲਿੰਗ ਪਾਰਟੀਆਂ ਵਾਪਿਸ ਕਲੈਕਸ਼ਨ ਸੈਂਟਰਾਂ ‘ਤੇ ਪਹੁੰਚ ਜਾਣਗੀਆਂ ਅਤੇ ਅੰਤਿਮ ਡਾਟਾ ਦੀ ਐਂਟਰੀ ਹੋ ਜਾਵੇਗੀ। ਉਨ੍ਹਾਂ ਨੇ ਜ਼ਿਮਨੀ ਚੋਣ ਵਿੱਚ ਆਪਣੀ ਵੋਟ ਦੇ ਜਮਹੂਰੀ ਹੱਕ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ।

ਮੁੱਖ ਚੋਣ ਅਧਿਕਾਰੀ ਨੇ ਚੋਣ ਪ੍ਰਕਿਰਿਆ ਦੇ ਸੁਚਾਰੂ ਪ੍ਰਬੰਧਨ ਅਤੇ ਮੁਕੰਮਲ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਧਿਕਾਰੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸਿਬਿਨ ਸੀ ਨੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਚੋਣ ਪ੍ਰਬੰਧਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਪੋਲਿੰਗ ਅਫ਼ਸਰਾਂ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਸਮੇਤ ਸਮੁੱਚੇ ਚੋਣ ਅਮਲੇ ਦੀ ਮਿਹਨਤ ਅਤੇ ਸਮਰਪਣ ਦੀ ਵੀ ਤਾਰੀਫ਼ ਕੀਤੀ ਹੈ।

ਉਨ੍ਹਾਂ ਅੱਗੇ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਕਿਰਿਆ ਵਿੱਚ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੀਡੀਆ ਵੱਲੋਂ ਸਾਰਥਕ ਭੂਮਿਕਾ ਨਿਭਾਉਣ ਲਈ ਸਾਰੇ ਮੀਡੀਆ ਕਰਮੀਆਂ ਦਾ ਵੀ ਸ਼ੁਕਰੀਆ ਕੀਤਾ ਹੈ।

Leave a Reply

Your email address will not be published. Required fields are marked *

View in English