ਪੰਜਾਬ

ਡੇਂਗੂ ਅਤੇ ਮਲੇਰੀਆ ਦੇ ਬਚਾਓ ਲਈ ਸਿਹਤ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਜਾਗਰੁਕਤਾ ਅਭਿਆਨ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਕਲਾ, ਮਈ 25

ਸਿਵਲ ਸਰਜਨ ਫਾਜਿਲਕਾ ਡਾ. ਪਰਮਿੰਦਰ ਕੁਮਾਰ ਨੇ ਡੇਂਗੂ ਅਤੇ ਮਲੇਰੀਆ ਬਾਰੇ ਜਾਗਰੁਕਤਾ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਏਹ ਦੋਨੋ ਬਿਮਾਰੀਆਂ ਹੀ ਮੌਸਮੀ ਹਨ। ਇਸ ਮੌਸਮ ਵਿਚ ਜਿਥੇ ਵੀ ਗੰਦਾ ਪਾਣੀ ਖੜ੍ਹ ਜਾਂਦਾ ਹੈ ਓਥੇ ਹੀ ਮਲੇਰੀਆ ਦਾ ਮੱਛਰ ਪੈਦਾ ਹੋ ਜਾਂਦਾ ਹੈ। ਇਸ ਕਰਕੇ ਜੇ ਆਪਣੇ ਆਸ ਪਾਸ ਗੰਦਾ ਪਾਣੀ ਖੜ੍ਹਾ ਹੈ ਤਾਂ ਉਸ ਜਗ੍ਹਾ ਨੂੰ ਜਾ ਤਾਂ ਮਿੱਟੀ ਨਾਲ ਭਰ ਦਿਉ ਜਾ ਪਾਣੀ  ਕੱਢ ਦਿਉ।

ਸਿਵਲ ਸਰਜਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ ਕੰਬਣੀ ਨਾਲ ਬੁਖਾਰ ਹੋਵੇ ਤਾਂ ਫੌਰਨ ਨਜ਼ਦੀਕੀ ਹਸਪਤਾਲ ਵਿਚੋਂ ਖੂਨ ਦੀ ਜਾਂਚ ਕਰਾਓ ਤੇ ਮਲੇਰੀਆ ਹੋਣ ਤੇ ਪੂਰਾ ਇਲਾਜ਼ ਕਰਾਓ। ਇਸੇ ਤਰ੍ਹਾਂ ਡੇਂਗੂ ਬੁਖਾਰ ਵੀ ਮੱਛਰ ਨਾਲ ਹੀ ਹੁੰਦਾ ਹੈ ਪਰ ਏਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਜਿਵੇਂ ਫਰਿਜ਼ ਦੀ ਪਿਛਲੇ ਪਾਸੇ ਟ੍ਰੇ, ਗਮਲਿਆਂ, ਬੇਕਾਰ ਟੁੱਟੇ ਹੋਏ ਭਾਂਡਿਆਂ ਜਾ ਟਾਇਰ ਜੋ ਬੇਕਾਰ ਪਏ ਹੋਣ ਵਿਚ ਸਾਫ ਪਾਣੀ ਜੋ ਬਾਰਿਸ਼ ਕਰਕੇ ਹੋ ਸਕਦਾ ਹੈ ਵਿਚ ਪੈਦਾ ਹੁੰਦਾ ਹੈ । ਇਸ ਕਰਕੇ ਹਫਤੇ ਵਿਚ ਇਕ ਵਾਰ ਜ਼ਰੂਰ ਏਹਨਾ ਵਿਚੋਂ ਪਾਣੀ ਕੱਢ ਕੇ ਸੁੱਕਾ ਦਿੱਤਾ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਖ਼ਤਮ ਕੀਤਾ ਜਾ ਸਕੇ।

 ਡਾ. ਅਮਿਤ ਗੁਗਲਾਨੀ ਨੇ ਦੱਸਿਆ ਕੇ  ਸ਼ੁੱਕਰਵਾਰ ਨੂੰ ਡ੍ਰਾਈ ਡੇਅ ਵਜੋਂ  ਮਨਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕੇ ਫਾਜ਼ਿਲਕਾ ਵਿਚ 8 ,ਅਬੋਹਰ ਵਿਚ 10 ਲਾਰਵਾ  ਚੈਕ ਕਰਨ ਵਾਲੀਆਂ ਟੀਮਾਂ ਕੰਮ ਕਰ ਰਹੀਆਂ ਹਨ। ਜਿਸ ਦੇ ਵੀ ਘਰ, ਦੁਕਾਨ ਜਾਂ ਵਪਾਰਿਕ ਅਦਾਰਿਆਂ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਕਮੇਟੀ ਵਲੋਂ ਉਹਨਾਂ ਖਿਲਾਫ਼ ਜ਼ੁਰਮਾਨਾ ਵੀ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕੇ ਜਿਸ ਤਰਾਂ ਅਸੀਂ ਜਾਣਦੇ ਹਾਂ ਕੇ ਇਲਾਜ ਨਾਲੋਂ ਪ੍ਰਹੇਜ਼ ਚੰਗਾ, ਇਸ ਲਈ ਇਸ ਮਹਾਮਾਰੀ ਦੇ ਦੌਰ ਵਿਚ ਕਿਸੇ ਵੀ ਤਰ੍ਹਾਂ ਦੇ ਬੁਖਾਰ ਹੋਣ ਤੇ ਫੌਰਨ ਸਰਕਾਰੀ ਹਸਪਤਾਲ ਵਿਚ ਜਾ ਕੇ ਅਪਣੀ ਜਾਂਚ ਕਰਾਉਣੀ ਚਾਹੀਦੀ ਹੈ ਤੇ ਜੇ ਮਲੇਰੀਆ ਜਾਂ ਡੇਂਗੂ ਹੋਵੇ ਤਾਂ ਓਸ ਦਾ ਪੂਰਾ ਇਲਾਜ਼ ਕਰਾਉਣਾ ਚਾਹੀਦਾ ਹੈ ਜੋ ਕੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਮਿਲਦਾ ਹੈ। ਜੇ ਕਿਸੇ ਹੋਰ ਕਾਰਨ ਬੁਖਾਰ ਹੋਵੇਗਾ ਤਾਂ ਓਸ ਮੁਤਾਬਿਕ ਇਲਾਜ਼ ਕੀਤਾ ਜਾ ਸਕੇਗਾ।

 ਇਸ ਮੌਕੇ ਤੇ ਡਾ. ਅਸ਼ਵਨੀ, ਡਾ. ਚਰਨ ਜੀਤ, ਡਾ. ਸੁਨੀਤਾ, ਸਵਰਣ ਸਿੰਘ, ਰਵਿੰਦਰ, ਸੁਖਜਿੰਦਰ, ਸੁਰਿੰਦਰ ਤੇ ਹੋਰ ਕਰਮਚਾਰੀ ਹਾਜ਼ਿਰ ਸਨ ।