ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵਾਤਾਵਰਣ ਸੰਭਾਲ ਤੇ ਸਮਾਜ ਸੇਵਾ ਲਈ ਡਟੇ ਰਹਿਣ ਦਾ ਸੱਦਾ

ਫ਼ੈਕ੍ਟ ਸਮਾਚਾਰ ਸੇਵਾ ਬਰਨਾਲਾ, ਜੁਲਾਈ 16
ਜ਼ਿਲਾ ਬਰਨਾਲਾ ਵਿੱਚ ਯੁਵਕ ਸੇਵਾਵਾਂ ਵਿਭਾਗ ਵੱਲੋਂ ਵਲੰਟੀਅਰਾਂ ਰਾਹੀਂ ਵੱਖ ਵੱਖ ਜਾਗਰੂਕਤਾ ਪ੍ਰੋਗਰਾਮਾਂ ਦੇ ਨਾਲ ਨਾਲ ਸਮਾਜਸੇਵੀ ਗਤੀਵਿਧੀਆਂ ਵੀ ਜਾਰੀ ਹਨ, ਜਿਸ ਬਦਲੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਨੌਜਵਾਨਾਂ ਨੂੰ ਕੁਦਰਤੀ ਸਰੋਤਾਂ ਜਿਵੇਂ ਕਿ ਪਾਣੀ ਦੀ ਸੰਭਾਲ ਪ੍ਰਤੀ ਡਟਣ ਦਾ ਸੱਦਾ ਦਿੱਤਾ ਗਿਆ। ਉਨਾਂ ਕਿਹਾ ਕਿ ਜੇਕਰ ਨੌਜਵਾਨ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਹੋਣ ਤਾਂ ਇਸ ਦੇ ਚੰਗੇ ਸਿੱਟੇ ਸਾਹਮਣੇ ਆਉਣਗੇ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਜ਼ਿਲੇ ਨਾਲ ਸਬੰਧਤ ਵਲੰਟੀਅਰਾਂ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਲਗਾਤਾਰ ਸੇਵਾਵਾਂ ਨਿਭਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਲੱਬਾਂ ਵੱਲੋਂ ਪੌਦੇ ਲਗਾਉਣ ਜਿਹੇ ਵਾਤਾਵਰਣ ਸੰਭਾਲ ਉਪਰਾਲੇ ਵੀ ਕੀਤੇ ਜਾ ਰਹੇ ਹਨ ਤੇ ਅੱਗੇ ਵੀ ਜਾਰੀ ਰਹਿਣਗੇ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਖੂਨਦਾਨ ਕੈਂਪਾਂ ਦਾ ਸਿਲਸਿਲਾ ਵੀ ਜਾਰੀ ਹੈ, ਕਿਉਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਖੂਨ ਦੀ ਕਮੀ ਨੂੰ ਦੇਖਦਿਆਂ ਕੈਂਪ ਲਾਉਣੇ ਜ਼ਰੂਰੀ ਹਨ।  ਉਨਾਂ ਦੱਸਿਆ ਕਿ ਪਿਛਲੇ ਦਿਨੀਂ ਧਨੌਲਾ ਖੁਰਦ ਵਿਖੇ ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਹੇਠ ਯੁਵਕ ਸੇਵਾਵਾਂ ਕਲੱਬ, ਧਨੌਲਾ ਖੁਰਦ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 55 ਯੁਨਿਟ ਖੂਨ ਇਕੱਤਰ ਕਰਦਿਆਂ ਡਾ. ਹਰਜਿੰਦਰ ਕੌਰ, ਬੀਟੀਓ ਬਰਨਾਲਾ ਨੇ ਕਿਹਾ ਕਿ ਬਲੱਡ ਬੈਂਕ ਨੂੰ ਖੂਨ ਦਾ ਕਮੀ ਦਾ ਸਾਹਮਣਾ ਅਕਸਰ ਕਰਨਾ ਪੈਂਦਾ ਹੈ, ਪਰ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ ਨੌਜਵਾਨ ਲੋੜ ਪੈਣ ’ਤੇ ਹਮੇਸ਼ਾ ਅੱਗੇ ਆਉਦੇ ਹਨ। ਇਸ ਕੈਂਪ ਦੌਰਾਨ ਪਤੀ ਪਤਨੀ ਸ੍ਰੀ ਵਿਜੈ ਕੁਮਾਰ ਅਤੇ ਬਿੰਦੂ ਬਾਲਾ ਨੇ ਵੀ ਖੂਨਦਾਨ ਕੀਤਾ।