ਪੰਜਾਬ

ਡਿਪਟੀ ਕਮਿਸ਼ਨਰ ਨੇ ਕੋਵਿਡ ਦੇ ਵੱਧਦੇ ਪ੍ਰਸਾਰ ਨੂੰ ਦੇਖਦੇ ਹੋਏ ਅਧਿਕਾਰੀਆਂ ਨਾਲ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ

ਫੈਕ੍ਟ ਸਮਾਚਾਰ ਸੇਵਾ ਫਾਜ਼ਿਲਕਾ, ਅਪ੍ਰੈਲ 20 ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਦੇਖਦੇ ਹੋਏ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਲਈ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਟੈਸਟਿੰਗ ਦੀ ਪ੍ਰਕਿਰਿਆ `ਚ ਤੇਜੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਸੈਂਪਲਿੰਗ ਲਈ ਸਾਰਾ ਸਮਾਨ, ਫਤਿਹ ਕਿਟ ਅਤੇ ਵੈਕਸੀਨੇਸ਼ਨ ਦੀ ਉਪਲਬਧਤਾ ਲੋੜੀਂਦੀ ਮਾਤਰਾ ਵਿਚ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾਵੇ ਅਤੇ ਪਾਜੀਟਿਵ ਆਉਣ ਵਾਲੇ ਮਰੀਜਾਂ ਦੇ ਕੰਟੈਕਟ `ਚ ਆਉਣ ਵਾਲੇ ਵਿਅਕਤੀਆਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਟੈਸਟ ਵੀ ਕੀਤੇ ਜਾਣ ਤਾਂ ਜ਼ੋ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਜੀਟਿਵ ਆਉਣ ਉਪਰੰਤ ਹੋਮ ਆਈਸੋਲੇਸ਼ਨ ਹੋਣ ਵਾਲੇ ਵਿਅਕਤੀਆਂ ਦੀ ਸਿਹਤ ਸਬੰਧੀ ਵੀ ਪੁਛ-ਗਿਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿਅਕਤੀ ਨੂੰ ਫਤਿਹ ਕਿਟ ਜ਼ਰੂਰ ਮੁਹੱਈਆ ਕਰਵਾਈ ਜਾਵੇ ਜੇਕਰ ਵਿਅਕਤੀ ਘਰ ਵਿਚ ਠੀਕ ਮਹਿਸੂਸ ਨਹੀਂ ਕਰਦਾ ਤਾਂ ਉਸਨੂੰ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਯੋਗ ਵਿਅਕਤੀਆਂ ਨੂੰ ਜਾਗਰੂਕ ਕੀਤਾ ਜਾਵੇ  ਕਿ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਕਰਵਾਉਣ ਨਾਲ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ ਪੱਧਰ `ਤੇ ਸਰਕਾਰੀ ਤੇ ਪ੍ਰਾਇਵੇਟ ਹਸਪਤਾਲਾਂ ਨਾਲ ਮੀਟਿੰਗ ਕਰਨ ਤੇ ਕੋਵਿਡ ਸਬੰਧੀ ਹਸਪਤਾਲਾਂ ਵਿਚ ਪੂਰੇ ਪ੍ਰਬੰਧ ਮੁਕੰਮਲ ਰੱਖਣ। ਇਸ ਮੌਕੇ ਐਸ.ਡੀ.ਐਮ. ਕੇਸ਼ਵ ਗੋਇਲ, ਜ਼ਸਪਾਲ ਸਿੰਘ ਬਰਾੜ, ਸਿਵਲ ਸਰਜਨ ਡਾ. ਹਰਜਿੰਦਰ, ਡਾ. ਕਵਿਤਾ, ਡਾ. ਐਰਿਕ, ਡਾ. ਸੁਨੀਤਾ, ਡੀ.ਪੀ.ਐਮ. ਰਾਜੇਸ਼ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।