ਪੰਜਾਬ

ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਅੱਗ ਲਗਾਉਣ ’ਤੇ ਪਾਬੰਦੀ 

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ, ਸਤੰਬਰ 22
ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਝੋਨੇ ਦੀ ਰਹਿੰਦ-ਖੂੰਹਦ/ਪਰਾਲੀ ਨੂੰ ਅੱਗ ਲਗਾਉਣ ’ਤੇ ਪਾਬੰਦੀ ਦੇ ਹੁੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਆਮ ਤੌਰ ’ਤੇ ਜ਼ਿਮੀਂਦਾਰ ਝੋਨੇ ਦੀ ਕਟਾਈ ਤੋਂ ਬਾਅਦ ਬਚ ਗਈ ਰਹਿੰਦ-ਖੂੰਹਦ/ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾ ਦਿੰਦੇ ਹਨ, ਜਿਸ ਨਾਲ ਵਾਤਾਵਰਨ, ਜੀਵ-ਜੰਤੂਆਂ, ਲਾਗੇ ਖੜੀ ਫ਼ਸਲ, ਸੜਕ ਦੇ ਕਿਨਾਰੇ ਲਗਾਏ ਬੂਟੇ/ਦਰੱਖਤਾਂ ਨੂੰ ਨੁਕਸਾਨ ਹੋਣਾ ਦਾ ਡਰ ਰਹਿੰਦਾ ਹੈ ਅਤੇ ਆਮ ਪਬਲਿਕ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖ਼ਤਮ ਹੁੰਦੀ ਹੈ।
ਇਸੇ ਤਰਾਂ ਜ਼ਿਲਾ ਮੈਜਿਸਟ੍ਰੇਟ ਨੇ ਇਕ ਵੱਖਰੇ ਹੁਕਮ ਵਿਚ ਕਿਹਾ ਹੈ ਕਿ ਜ਼ਿਲੇ ਵਿਚ ਸਾਰੇ ਕੰਬਾਇਨ ਮਾਲਕ, ਜ਼ਿਮੀਂਦਾਰ/ਕਿਸਾਨ ਝੋਨੇ ਦੀ ਕਟਾਈ ਕਰਨ ਸਮੇਂ ਕੰਬਾਇਨਾਂ ਦੇ ਸੁਪਰ ਐਸ. ਐਮ. ਐਸ ਵਿਚ ਉਪਲਬੱਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣਗੇ ਅਤੇ ਬਿਨਾਂ ਸੁਪਰ ਐਸ. ਐਮ. ਐਸ ਲੱਗੀਆਂ ਕੰਬਾਇਨਾਂ ਚਲਾਉਣ ’ਤੇ ਪੂਰਨ ਰੋਕ ਰਹੇਗੀ। ਇਸ ਤੋਂ ਇਲਾਵਾ ਜ਼ਿਲੇ ਦੀ ਹਦੂਦ ਅੰਦਰ ਕੰਬਾਇਨ ਮਾਲਕਾਂ ਵੱਲੋਂ ਝੋਨੇ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਨਹੀਂ ਕੀਤੀ ਜਾਵੇਗੀ। ਇਹ ਹੁਕਮ 21 ਨਵੰਬਰ 2021 ਤੱਕ ਲਾਗੂ ਰਹਿਣਗੇ।

More from this section