ਪੰਜਾਬ

ਝੋਨੇ ਦੀ ਬੋਗਸ ਬਿਲਿੰਗ ਅਤੇ ਰੀਸਾਈਕਲਿੰਗ ਦੀ ਜਾਂਚ ਦੇ ਨਿਰਦੇਸ਼

ਫ਼ੈਕ੍ਟ ਸਮਾਚਾਰ ਸੇਵਾ
ਐਸ.ਏ.ਐਸ ਨਗਰ, ਸਤੰਬਰ 22

ਆਉਣ ਵਾਲੇ ਝੋਨੇ ਦੀ ਖਰੀਦ ਦੇ ਸੀਜ਼ਨ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਪੁਲਿਸ ਵਿਭਾਗ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਜ਼ਿਲ੍ਹੇ ਵਿੱਚ ਝੋਨੇ ਦੀ ਤਸਕਰੀ ਰੋਕਣ ਲਈ 16 ਅੰਤਰਰਾਜੀ ਚੈਕ ਪੁਆਇੰਟਾਂ ਤੇ ਵਧੇਰੇ ਚੌਕਸੀ ਰੱਖਣ ਲਈ ਕਿਹਾ ਹੈ।

ਪੁਲਿਸ, ਖੁਰਾਕ ਸਪਲਾਈ, ਖੇਤੀਬਾੜੀ ਅਤੇ ਹੋਰ ਸਹਿਯੋਗੀ ਵਿਭਾਗਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਈਸ ਸ਼ੈਲਰਾਂ ਦੀ ਸਖਤੀ ਨਾਲ ਨਿਗਰਾਨੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਝੋਨੇ ਦੀ ਰੀਸਾਈਕਲਿੰਗ ਦੇ ਖਤਰੇ ਨੂੰ ਕਾਬੂ ਕੀਤਾ ਜਾ ਸਕੇ। ਜ਼ਿਲ੍ਹੇ ਦੇ 16 ਅੰਤਰਰਾਜੀ ਪ੍ਰਵੇਸ਼ ਪੁਆਇੰਟਾਂ ‘ਤੇ ਵਧੇਰੇ ਸੁਚੇਤ ਹੋਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਤਸਕਰੀ ਨੂੰ ਰੋਕਣ ਲਈ ਸਾਰੇ ਸਬੰਧਤ ਵਿਭਾਗਾਂ ਦੇ ਨਾਲ ਮਿਲ ਕੇ ਢੁਕਵੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਖੇਤੀਬਾੜੀ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਗਾਮੀ ਝੋਨੇ ਦੀ ਖਰੀਦ ਸੀਜ਼ਨ ਲਈ ਤਿਆਰ ਰਹਿਣ ਲਈ ਆਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਸਮੁੱਚੀ ਕਾਰਵਾਈ ਦੌਰਾਨ ਅਨਾਜ ਮੰਡੀਆਂ ਵਿੱਚ ਸਹੂਲਤ ਮਿਲ ਸਕੇ। ਕਾਲੀਆ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਮਨੁੱਖੀ ਜੀਵਨ ਲਈ ਇੱਕ ਵੱਡਾ ਖਤਰਾ ਬਣ ਰਹੀ ਹੈ, ਇਸ ਲਈ ਖਰੀਦ ਦੌਰਾਨ ਮੈਡੀਕਲ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਡੀਬੀਟੀ ਮੋਡ ਰਾਹੀਂ ਕਾਸ਼ਤਕਾਰਾਂ ਨੂੰ ਸਿੱਧੇ ਭੁਗਤਾਨ ਲਈ ਪੋਰਟਲ ‘ਤੇ ਗਿਰਦਾਵਰੀਆਂ ਚੜ੍ਹਾਉਣ ਦੇ ਕੰਮ ਨੂੰ ਜਲਦੀ ਕਰਨ ਦੇ ਵੀ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰੇਗੀ ਕਿ ਕਿਸਾਨਾਂ ਦੀ ਫ਼ਸਲ ਅਨਾਜ ਮੰਡੀਆਂ ਤੋਂ ਨਿਰਵਿਘਨ ਅਤੇ ਮੁਸ਼ਕਲ ਰਹਿਤ ਢੰਗ ਨਾਲ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੀਦ ਤੋਂ ਇਲਾਵਾ ਅਨਾਜ ਦੀ ਚੁਕਾਈ, ਢੋਆ ਢੁਆਈ ਅਤੇ ਭੰਡਾਰਨ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਝੋਨੇ ਦੀ ਨਿਰਧਾਰਤ ਹਿੱਸੇਦਾਰੀ ਅਨੁਸਾਰ ਝੋਨੇ ਦੀ ਤੁਰੰਤ ਅਤੇ ਸੁਚਾਰੂ ਖਰੀਦ, ਲਿਫਟਿੰਗ ਅਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਖਰੀਦ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ।

ਕਾਲੀਆ ਨੇ ਹਰੇਕ ਖਰੀਦ ਕੇਂਦਰ ਵਿੱਚ ਕਣਕ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ ਬਿਜਲੀ, ਕਿਸਾਨਾਂ ਲਈ ਸ਼ੈੱਡ, ਪੀਣ ਯੋਗ ਪਾਣੀ ਦੀ ਸਪਲਾਈ ਅਤੇ ਉਪਕਰਨਾਂ ਦੀ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ, ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਰਾਜ ਸਰਕਾਰ ਦੁਆਰਾ ਰੱਖੀਆਂ ਗਈਆਂ ਸੁਰੱਖਿਆ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਣ ਲਈ ਮੰਡੀਆਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ। ਉਨ੍ਹਾਂ ਕਿਸਾਨਾਂ ਨੂੰ ਨਮੀ ਰਹਿਤ ਅਨਾਜ ਮੰਡੀ ਵਿੱਚ ਲਿਆਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ: ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਐਸਡੀਐਮ ਐਸ.ਏ.ਐਸ. ਨਗਰ ਹਰਬੰਸ ਸਿੰਘ, ਐਸਡੀਐਮ ਖਰੜ ਆਕਾਂਸ਼ ਬਾਂਸਲ ਅਤੇ ਐਸਡੀਐਮ ਡੇਰਾਬਸੀ ਕੁਲਦੀਪ ਬਾਵਾ ਅਤੇ ਹੋਰ ਹਾਜ਼ਰ ਸਨ।