ਹਰਿਆਣਾ

ਜੰਗਲ ਦੀ ਜ਼ਮੀਨ ਖਾਲੀ ਕਰਵਾਉਣ ਵਿਰੁੱਧ ਹਰਿਆਣਾ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਾਬਾਦ ਜੁਲਾਈ 15
ਆਈਸਾ ਵੱਲੋਂ ਫਰੀਦਾਬਾਦ ਦੇ ਲੱਕੜਪੁਰ ਦੇ ਖੋਰੀ ਇਲਾਕੇ ਦੀ ਜੰਗਲ ਦੀ ਜ਼ਮੀਨ ਖਾਲੀ ਕਰਵਾਉਣ ਦੀ ਕਾਰਵਾਈ ਵਿਰੁੱਧ ਹਰਿਆਣਾ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਆਈਸਾ ਦੇ ਕਾਰਕੁਨ ਦਿੱਲੀ ਸਥਿਤ ਹਰਿਆਣਾ ਭਵਨ ਦੇ ਨੇੜੇ ਇਕੱਠੇ ਹੋਏ ਤੇ ਸਥਾਨਕ ਰੈਜ਼ੀਡੈਂਟ ਕਮਿਸ਼ਨਰ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ 5 ਸੂਤਰੀ ਮੰਗ ਪੱਤਰ ਦਿੱਤਾ ਗਿਆ। ਵਰ੍ਹਦੇ ਮੀਂਹ ਦੌਰਾਨ ਵਿਦਿਆਰਥੀਆਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਖੋਰੀ ਪਿੰਡ ਦੇ ਲੋਕਾਂ ਨੂੰ ਉਜਾੜਨ ਤੋਂ ਪਹਿਲਾਂ ਉਨ੍ਹਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਤੇ ਇਹ ਪ੍ਰਬੰਧ ਉਸ ਥਾਂ ਦੇ 5 ਕਿਲੋਮੀਟਰ ਦੇ ਖੇਤਰ ਵਿੱਚ ਕੀਤਾ ਜਾਵੇ। ਵਿਦਿਆਰਥਣਾਂ ਵੱਲੋਂ ਦਿੱਲੀ ਪੁਲੀਸ ਦੇ ਅਧਿਕਾਰੀਆਂ ਨਾਲ ਬਹਿਸ ਕੀਤੀ ਗਈ। ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਇਲਾਕੇ ਵਿੱਚ ਧਾਰਾ 144 ਲਾਈ ਹੋਈ ਹੈ ਤੇ ਕੋਵਿਡ ਐਕਟ ਤਹਿਤ ਵੀ ਭੀੜ ਨਹੀਂ ਕੀਤੀ ਜਾ ਸਕਦੀ। ਪ੍ਰਦਰਸ਼ਨਕਾਰੀਆਂ ਨੇ ਫਰੀਦਾਬਾਦ ਪ੍ਰਸ਼ਾਸਨ ਵੱਲੋਂ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟੇ ਜਾਣ ਦੀ ਨਿੰਦਾ ਕੀਤੀ ਤੇ ਪੁਲੀਸ ਦੀ ਸਖ਼ਤੀ ਨੂੰ ਗ਼ਲਤ ਕਰਾਰ ਦਿੱਤਾ ਗਿਆ। ਕਬਜ਼ੇ ਹਟਾਉਣ ਉਪਰ ਤੁਰੰਤ ਰੋਕ ਲਾਉਣ ਦੀ ਮੰਗ ਵੀ ਉਠਾਈ ਗਈ। ਨਗਰ ਨਿਗਮ ਕਮਿਸ਼ਨਰ ਡਾ. ਗਰਿਮਾ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਲੱਕੜਪੁਰ ਪਿੰਡ ਦੇ ਖੋਰੀ ਖੇਤਰ ਵਿੱਚ ਜੰਗਲ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਨਗਰ ਨਿਗਮ ਵੱਲੋਂ ਬੁੱਧਵਾਰ ਨੂੰ ਸ਼ੁਰੂ ਕੀਤੀ ਗਈ। ਡਾ. ਗਰਿਮਾ ਮਿੱਤਲ ਅੱਜ ਨਾਜਾਇਜ਼ ਕਬਜ਼ੇ ਹਟਾਉਣ ਦੇ ਪਹਿਲੇ ਦਿਨ ਦੇ ਮੁਕੰਮਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ 19 ਜੁਲਾਈ ਤੱਕ ਦਾ ਸਮਾਂ ਆ ਗਿਆ ਹੈ ਤੇ ਇਸ ਮਿੱਥੇ ਸਮੇਂ ਵਿਚ ਕਬਜ਼ੇ ਹਟਾਉਣ ਦੀ ਕਾਰਵਾਈ ਮੁਕੰਮਲ ਕਰ ਲਈ ਜਾਵੇਗੀ। ਮੀਂਹ ਕਾਰਨ ਅਪ੍ਰੇਸ਼ਨ ਨੂੰ ਰੋਕਣਾ ਪਿਆ ਤੇ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਖੋਰੀ ਖੇਤਰ ਦੇ ਲੋਕਾਂ ਦੇ ਮੁੜ ਵਸੇਬੇ ਲਈ ਨੀਤੀ ਬਣਾਈ ਗਈ ਹੈ ਅਤੇ ਉਨ੍ਹਾਂ ਨੂੰ ਈ.ਡਬਲਯੂਐੱਸ ਕੋਟੇ ਤੋਂ ਡੱਬੂਆ ਤੇ ਬਾਪੂ ਨਗਰ ਖੇਤਰ ਵਿੱਚ ਫਲੈਟ ਮੁਹੱਈਆ ਕਰਵਾਏ ਜਾਣਗੇ।

More from this section