View in English:
April 4, 2025 1:42 pm

ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਮੱਤੇਵਾੜਾ ਜੰਗਲ ਡਿਪੂ ਦੀ ਅਚਨਚੇਤ ਚੈਕਿੰਗ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 21

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੁਧਿਆਣਾ ਦੇ ਮੱਤੇਵਾੜਾ ਜੰਗਲ ਡਿਪੂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਉਕਤ ਡਿਪੂ ਵਿੱਚ ਸਟੋਰ ਕੀਤੀ ਸਾਰੀ ਲੱਕੜ ਦੀ ਮੁਕੰਮਲ ਜਾਂਚ ਕੀਤੀ।

ਲੁਧਿਆਣਾ-ਰਾਹੋਂ ਰੋਡ ‘ਤੇ ਖੜ੍ਹੇ ਹਰੇ ਰੁੱਖਾਂ ਦੀ ਕਟਾਈ ਉਪਰੰਤ ਇਹਨਾਂ ਕੱਟੀਆਂ ਹੋਈਆਂ ਲੱਕੜਾਂ ਨੂੰ ਡਿਪੂ ‘ਚ ਸਟੋਰ ਕੀਤਾ ਗਿਆ ਸੀ। ਇਹਨਾਂ ਰੁੱਖਾਂ ਨੂੰ ਕੱਟਣ ਦਾ ਹੁਕਮ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮ.ਓ.ਈ.ਐਫ. ਐਂਡ ਸੀ.ਸੀ.) ਤੋਂ ਬਾਕਾਇਦਾ ਪ੍ਰਵਾਨਗੀ ਮਿਲਣ ਉਪਰੰਤ ਦਿੱਤਾ ਗਿਆ ਸੀ।

ਜੰਗਲਾਤ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ (ਪੀ.ਐਸ.ਐਫ.ਡੀ.ਸੀ.) ਨੇ ਇਸ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਹੈ। ਫਿਲੌਰ ਡਿਵੀਜ਼ਨ ਦੇ ਸਾਰੇ ਡਿਪੂਆਂ ‘ਤੇ ਪਈਆਂ ਕੱਟੀਆਂ ਹੋਈਆਂ ਲੱਕੜਾਂ ਦੇ ਸਟਾਕ ਦੀ ਵਿਆਪਕ ਭੌਤਿਕ ਜਾਂਚ ਲਈ ਮੁੱਖ ਜਨਰਲ ਮੈਨੇਜਰ, ਸੀਨੀਅਰ ਆਈ.ਐਫ.ਐਸ. ਅਧਿਕਾਰੀ ਦੀ ਪ੍ਰਧਾਨਗੀ ਹੇਠ ਇੱਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਜੰਗਲਾਤ ਵਿਭਾਗ ਅਤੇ ਪੀ.ਐਸ.ਐਫ.ਡੀ.ਸੀ. ਦੇ ਮੈਂਬਰ ਸ਼ਾਮਿਲ ਹਨ।

ਚੈਕਿੰਗ ਦੌਰਾਨ ਪਾਈਆਂ ਗਈਆਂ ਕੁਝ ਖਾਮੀਆਂ ਦੇ ਕਾਰਨ, ਮੰਤਰੀ ਵੱਲੋਂ ਸਬੰਧਿਤ ਖੇਤਰੀ ਮੈਨੇਜਰ ਦੇ ਤਬਾਦਲੇ ਦਾ ਹੁਕਮ ਦਿੱਤਾ ਗਿਆ ਹੈ ਅਤੇ ਸਬੰਧਤ ਪ੍ਰੋਜੈਕਟ ਅਫਸਰ ਅਤੇ ਹੋਰ ਫੀਲਡ ਸਟਾਫ ਦਾ ਮੌਜੂਦਾ ਤਾਇਨਾਤੀ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਪਰੋਕਤ ਸੜਕ ‘ਤੇ ਰੁੱਖਾਂ ਦੀ ਕਟਾਈ ਤੁਰੰਤ ਬੰਦ ਕਰ ਦਿੱਤੀ ਗਈ ਹੈ। ਸਟਾਕ ਦਾ ਸਾਲਾਨਾਵਾਰ ਜਾਇਜ਼ਾ ਲੈਣ ਸਬੰਧੀ ਅੰਤਰ-ਖੇਤਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਭੌਤਿਕ ਤਸਦੀਕ ਵਿੱਚ ਕੋਈ ਵੀ ਖਾਮੀ ਮਿਲਣ ਦੀ ਸੂਰਤ ਵਿੱਚ ਤੁਰੰਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ (ਪੀ.ਐਸ.ਐਫ.ਡੀ.ਸੀ.) ਵੱਲੋਂ ਰੁੱਖਾਂ ਦੇ ਨਿਪਟਾਰੇ ਸਬੰਧੀ ਦੋ ਪ੍ਰਕਿਰਿਆਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਪਹਿਲੀ ਪ੍ਰਕਿਰਿਆ ਵਿੱਚ ਨਿਪਟਾਰਾ ਈ-ਪ੍ਰੋਕਿਉਰਮੈਂਟ ਪੋਰਟਲ ਨੰਬਰ ‘ਤੇ ਨਿਲਾਮੀ ਰਾਹੀਂ ਕੀਤਾ ਜਾਂਦਾ ਹੈ ਅਤੇ ਦੂਜੀ ਪ੍ਰਕਿਰਿਆ ਵਿੱਚ ਜੇਕਰ ਰੁੱਖ ਬਲਾਕ ਜੰਗਲ ਵਿੱਚ ਖੜ੍ਹੇ ਹਨ ਜਾਂ ਰੁੱਖਾਂ ਨੂੰ ਕੱਟਣ ਦੇ ਖਰਚੇ ਸਬੰਧਤ ਵਿਭਾਗ ਜੋ ਕਿ ਪੀ.ਡਬਲਯੂ.ਡੀ. ਹੈ, ਵੱਲੋਂ ਜਮ੍ਹਾਂ ਕਰਵਾਏ ਗਏ ਹਨ ਤਾਂ ਜੰਗਲਾਤ ਨਿਗਮ ਵੱਲੋਂ ਰੁੱਖਾਂ ਦੀ ਸਿੱਧੀ ਕਟਾਈ ਕੀਤੀ ਜਾਂਦੀ ਹੈ।

ਲੁਧਿਆਣਾ ਰਾਹੋਂ ਸੜਕ ਦੇ ਮਾਮਲੇ ਵਿੱਚ, ਲੋਕ ਨਿਰਮਾਣ ਵਿਭਾਗ ਵੱਲੋਂ ਲੋੜੀਂਦੀ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ।

ਦੱਸਣਯੋਗ ਹੈ ਕਿ ਪੀ.ਐਸ.ਐਫ.ਡੀ.ਸੀ. ਵੱਲੋਂ ਜ਼ਿਆਦਾਤਰ ਖੜ੍ਹੇ ਰੁੱਖਾਂ ਅਤੇ ਕੱਟੀਆਂ ਹੋਈਆਂ ਲੱਕੜਾਂ ਦਾ ਨਿਪਟਾਰਾ ਸਰਕਾਰੀ ਈ-ਪ੍ਰੋਕਿਊਰਮੈਂਟ ਪੋਰਟਲ ‘ਤੇ ਟੈਂਡਰ-ਕਮ-ਨਿਲਾਮੀ ਰਾਹੀਂ ਕੀਤਾ ਜਾਂਦਾ ਹੈ ਜੋ ਕਿ ਬਹੁਤ ਪਾਰਦਰਸ਼ੀ ਹੈ ਅਤੇ ਇਸ ਰਾਹੀਂ ਬਹੁਤ ਹੀ ਪ੍ਰਤੀਯੋਗੀ ਦਰਾਂ ਦੀ ਵਸੂਲੀ ਹੁੰਦੀ ਹੈ। ਖੜ੍ਹੇ ਰੁੱਖਾਂ ਦੀ ਕਟਾਈ ਤੋਂ ਪ੍ਰਾਪਤ ਕੱਟੀ ਹੋਈ ਲੱਕੜ ਨੂੰ ਨਿਪਟਾਰੇ ਤੋਂ ਪਹਿਲਾਂ ਡਿਪੂ ਵਿੱਚ ਸਟੋਰ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *