ਜ਼ਿਲ੍ਹਾ ਤਰਨਤਾਰਨ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ 4 ਸਰਕਾਰੀ ਸਕੂਲਾਂ ਨੂੰ ਮਿਲੀ ਵੱਡੀ ਇਨਾਮੀ ਰਾਸ਼ੀ

ਫ਼ੈਕ੍ਟ ਸਮਾਚਾਰ ਸੇਵਾ ਤਰਨਤਾਰਨ , ਜੂਨ 3
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੀ ਓਵਰਆਲ ਗਰੇਡਿੰਗ ਦੇ ਆਧਾਰ ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾ ਵਾਰ ਸੂਚੀ ਜਾਰੀ ਕੀਤੀ ਗਈ ਹੈ।ਇਸ ਦਰਜਾਬੰਦੀ ਅਧੀਨ ਸਮੂਹ ਸਰਕਾਰੀ ਸਕੂਲਾਂ ਨੂੰ ਤਿੰਨ ਸ਼੍ਰੇਣੀਆਂ ਸੈਕੰਡਰੀ, ਹਾਈ ਅਤੇ ਮਿਡਲ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਜ਼ਿਲੇ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 10 ਲੱਖ , 7.5 ਲੱਖ ਅਤੇ ਪੰਜ ਲੱਖ ਦਾ ਇਨਾਮ ਦਿੱਤਾ ਗਿਆ ਹੈ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਧੰਨਵਾਦ ਕਰਦਿਆਂ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਹਿੰਮਾਂ ਸਕੀਮਾਂ ਅਧੀਨ ਸਰਕਾਰੀ ਸਕੂਲਾਂ ਦੀ ਦਿੱਖ, ਪੜ੍ਹਾਈ ਦੇ ਪੱਧਰ ਵਿੱਚ ਬਹੁਤ ਵਿਕਾਸ ਹੋਇਆ ਹੈ। ਅਤੇ ਪਿਛਲੇ ਦਿਨੀਂ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਦੁਆਰਾ ਜਾਰੀ ਕੀਤੀ ਗਈ ਗਰੇਡਿੰਗ ਸੂਚੀ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਚਾਰ ਸਕੂਲਾਂ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਈਂ ਪੂਈਂ ਨੂੰ 10 ਲੱਖ ਰੁਪਏ, ਸਰਕਾਰੀ ਹਾਈ ਸਕੂਲ ਚੂਸਲੇਵੜ ਨੂੰ 7.5 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਚੱਕ ਕੜੇ ਖਾਂ ਨੂੰ 2.5 ਲੱਖ ਰੁਪਏ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ ਨੂੰ 2.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ। ਉਹਨਾਂ ਕਿ ਸਕੂਲਾਂ ਵੱਲੋਂ ਇਹ ਅਵਾਰਡ ਰਾਸ਼ੀ ਸਕੂਲ ਦੇ ਵੈਲਫੇਅਰ ਲਈ ਖ਼ਰਚੀ ਜਾਵੇਗੀ ਤਾਂ ਜੋ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਜ਼ਰੂਰੀ ਸਹੂਲਤਾਂ ਨੂੰ ਪੂਰਾ ਕੀਤਾ ਜਾ ਸਕੇ। ਗੁਰਬਚਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਪ੍ਰਦਾਨ ਕੀਤੀ ਗਈ ਇਹ ਰਾਸ਼ੀ ਹੋਰਨਾਂ ਸਕੂਲਾਂ ਨੂੰ ਹੋਰ ਮਿਹਨਤ ਕਰ ਕੇ ਆਪਣੀ ਗਰੇਡਿੰਗ ਵਿੱਚ ਸੁਧਾਰ ਲਿਆਉਣ ਲਈ ਬਹੁਤ ਲਾਹੇਵੰਦ ਭੂਮਿਕਾ ਨਿਭਾਵੇਗੀ। ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੁਹੱਈਆ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਵਾਲੀ ਸਿੱਖਿਆ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪ੍ਰਿੰ. ਸ਼੍ਰੀਮਤੀ ਅੰਜੂ ਸੇਠੀ,ਸਸਸਸ ਭਿੱਖੀਵਿੰਡ ਦਾ ਕਹਿਣਾ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਪ੍ਰਣਾਲੀ ‘ਚ ਲਿਆਂਦੀ ਗੁਣਵੱਤਾ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਲੋਕਾਂ ਦੇ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਇਸ ਮੌਕੇ ਪ੍ਰਿੰ. ਸ਼੍ਰੀਮਤੀ ਪ੍ਰਵੀਨ ਕੁਮਾਰੀ, ਸਸਸਸ ਵੇਈਂ ਪੂਈਂ, ਹੈੱਡ ਮਾਸਟਰ ਜੁਗਰਾਜ ਸਿੰਘ ਸਹਸ ਚੂਸਲੇਵੜ, ਸਕੂਲ ਇੰਚਾਰਜ ਸਰਕਾਰੀ ਮਿਡਲ ਸਕੂਲ ਚੱਕ ਕੜੇ ਖਾਂ ਇੰਦਰਜੀਤ ਸਿੰਘ ਅਤੇ ਸਕੂਲ ਇੰਚਾਰਜ ਸਰਕਾਰੀ ਮਿਡਲ ਸਕੂਲ ਦੀਨੇਵਾਲ ਨੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੀ ਗਈ ਇਸ ਇਨਾਮੀ ਰਾਸ਼ੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਜ ਸਰਕਾਰ ਦੀ ਸਰਪ੍ਰਸਤੀ ‘ਚ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਜਿੱਥੇ ਸਕੂਲ ਸਮਾਰਟ ਹੋ ਰਹੇ ਹਨ ਉੱਥੇ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਤਰਨਤਾਰਨ ਸਤਿਨਾਮ ਸਿੰਘ ਬਾਠ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਤਰਨਤਾਰਨ ਗੁਰਬਚਨ ਸਿੰਘ ਨੇ ਜਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਰਾਜ ਪੱਧਰ ‘ਤੇ ਮਾਣ ਵਧਾਉਣ ‘ਤੇ ਵਧਾਈ ਦਿੱਤੀ ਹੈ।

More from this section