ਚੰਡੀਗੜ੍ਹ

ਚੰਡੀਗੜ੍ਹ ਵਿੱਚ ਪਹਿਲੀ ਇਲੈਕਟ੍ਰਿਕ ਬੱਸ ਦਾ ਟਰਾਇਲ ਮੁਕੰਮਲ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 12
ਚੰਡੀਗੜ੍ਹ ਸ਼ਹਿਰ ਨੂੰ ਆਧੁਨਿਕ ਅਤੇ ਪ੍ਰਦੂਸ਼ਣ-ਮੁਕਤ ਬਨਾਉਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੰਤਵ ਲਈ ਪਿਛਲੇ ਮਹੀਨੇ 11 ਅਗਸਤ ਨੂੰ ਇਕ ਇਲੈਕਟ੍ਰਿਕ ਬੱਸ ਨੂੰ ਟਰਾਇਲ ਲਈ ਚਲਾਇਆ ਗਿਆ ਸੀ। ਇਸ ਤੋਂ ਬਾਅਦ ਸ਼ਹਿਰ ਵਿੱਚ 19 ਹੋਰ ਬੱਸਾਂ ਚਲਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਬੱਸ ਦੇ ਇਕ ਮਹੀਨੇ ਦੇ ਟਰਾਇਲ ’ਚ ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਈ ਖਾਮੀਆਂ ਨੋਟ ਕੀਤੀਆਂ ਹਨ। ਇਨ੍ਹਾਂ ਖਾਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰਨਾਂ ਬੱਸਾਂ ਵਿੱਚ ਬਦਲਾਅ ਕੀਤੇ ਜਾਣਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੱਸ ਬਨਾਉਣ ਵਾਲੀ ਕੰਪਨੀ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਨਵੀਂ ਇਲੈਕਟ੍ਰਿਕ ਬੱਸ ਵਿੱਚ ਫਾਇਰ ਸੇਫ਼ਟੀ ਸਿਸਟਮ ਨੂੰ ਸੀਟ ਦੇ ਹੇਠਾਂ ਲਗਾਇਆ ਗਿਆ ਹੈ ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਦੀ ਥਾਂ ਬਦਲਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਸ ਵਿੱਚ ਸਾਈਨ ਬੋਰਡ ਵਿੱਚ ਮਾਮੂਲੀ ਬਦਲਾਅ ਕੀਤਾ ਹੈ। ਇਸੇ ਤਰ੍ਹਾਂ ਇਲੈਕਟ੍ਰਿਕ ਬੱਸ ਵਿੱਚ ਹੋਰ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ। ਇਸੇ ਦੌਰਾਨ ਬੱਸਾਂ ਸਪਲਾਈ ਕਰਨ ਵਾਲੀ ਕੰਪਨੀ ਅਸ਼ੋਕਾ ਲੇਅਲੈਂਡ ਨੇ ਨਵੀਂਆਂ ਬੱਸਾਂ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ ਸੁਝਾਏ ਗਏ ਬਦਲਾਅ ਕਰਨ ਦਾ ਭਰੋਸਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਪ੍ਰਦੂਮਨ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ ’ਚ ਚੰਡੀਗੜ੍ਹ ਵਿੱਚ 19 ਹੋਰ ਨਵੀਆਂ ਇਲੈਕਟ੍ਰਿਕ ਬੱਸਾਂ ਆ ਜਾਣਗੀਆਂ। ਇਸ ਉਪਰੰਤ ਸ਼ਹਿਰ ਦੀਆਂ ਸੜਕਾਂ ’ਤੇ 20 ਇਲੈਕਟ੍ਰਿਕ ਬੱਸਾਂ ਦੌੜਨਗੀਆਂ। ਜ਼ਿਰਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਹਿਲੀ ਇਲੈਕਟ੍ਰਿਕ ਬੱਸ 31 ਜੁਲਾਈ 2021 ਨੂੰ ਪਹੁੰਚੀ ਸੀ ਜਿਸ ਨੂੰ ਉਸ ਸਮੇਂ ਦੇ ਪ੍ਰਸ਼ਾਸਕ ਸ੍ਰੀ ਵੀਪੀ ਸਿੰਘ ਬਦਨੌਰ ਨੇ 11 ਅਗਸਤ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਮੁਸਾਫਿਰਾਂ ਲਈ ਰਵਾਨਾ ਕੀਤਾ ਸੀ। ਉਨ੍ਹਾਂ ਦਾ ਟੀਚਾ ਸੀ ਕਿ ਸ਼ਹਿਰ ਵਿੱਚ 40 ਨਵੀਂਆਂ ਇਲੈਕਟ੍ਰਿਕ ਬੱਸਾਂ ਚਲਾਈ ਜਾਣਗੀਆਂ। ਇਸ ਵਿੱਚੋਂ 20 ਬੱਸਾਂ ਅਕਤੂਬਰ ਮਹੀਨੇ ਵਿੱਚ ਚਲਾਈਆਂ ਜਾਣਗੀਆਂ ਅਤੇ 20 ਹੋਰ ਬੱਸਾਂ ਦਸੰਬਰ ਮਹੀਨੇ ਤੱਕ ਚਲਾਏ ਜਾਣ ਦੀ ਸੰਭਾਵਨਾ ਹੈ। ਨਵੀਂ ਇਲੈਕਟ੍ਰਿਕ ਬੱਸਾਂ ਵਿੱਚ 36 ਸਵਾਰੀਆਂ ਇਕ ਸਮੇਂ ਬੈਠ ਸਕਣਗੀਆਂ ਜਦੋਂ ਕਿ ਖੜ੍ਹੀਆਂ ਸਵਾਰੀਆਂ ਮਿਲਾ ਕੇ ਕੁੱਲ 54 ਸਵਾਰੀਆਂ ਇਕ ਬੱਸ ਵਿੱਚ ਸਫ਼ਰ ਕਰ ਸਕਣਗੀਆਂ। ਬੱਸ ਨੂੰ ਤਿੰਨ ਘੰਟੇ ਵਿੱਚ ਚਾਰਜ ਕੀਤਾ ਜਾ ਸਕੇਗਾ। ਚਾਰਜ ਹੋਣ ਮਗਰੋਂ ਬੱਸ 130 ਤੋਂ 140 ਕਿੱਲੋਮੀਟਰ ਸਫ਼ਰ ਤੈਅ ਕਰੇਗੀ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਬੱਸ ਬਣਾਉਣ ਵਾਲੀ ਕੰਪਨੀ ਨੂੰ ਚਾਰਜਿੰਗ ਬਦਲੇ 60 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੀਟੀਯੂ ਕੋਲ ਕੁੱਲ 514 ਬੱਸਾਂ ਹਨ। ਇਨ੍ਹਾਂ ਵਿੱਚੋਂ 361 ਲੋਕਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਚਲਦੀਆਂ ਹਨ ਤੇ 153 ਬੱਸਾਂ ਅੰਤਰਰਾਜੀ ਰੂਟਾਂ ’ਤੇ ਦੋੜਦੀਆਂ ਹਨ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਬੱਸ ਚਾਲਕਾਂ ਵੱਲੋਂ ਆਵਾਜਾਈ ਨਿਯਮਾਂ ਦੀ ਕੀਤੀ ਜਾਂਦੀ ਉਲੰਘਣਾ ਖ਼ਿਲਾਫ਼ 16 ਅਗਸਤ ਤੋਂ ਮੁਹਿੰਮ ਸ਼ੁਰੂ ਕੀਤੀ ਸੀ। ਇਸੇ ਦੌਰਾਨ ਪਿੱਛਲੇ 22 ਦਿਨਾਂ ਵਿੱਚ 263 ਬੱਸ ਚਾਲਕਾਂ ਦੇ ਚਾਲਾਨ ਕੱਟੇ ਗਏ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਚਾਲਕ ਗਲਤ ਥਾਵਾਂ ’ਤੇ ਬੱਸ ਰੋਕ ਦਿੰਦੇ ਹਨ। ਇਸ ਤੋਂ ਇਲਾਵਾ ਲੇਨ ਡਰਾਈਵਿੰਗ ਦੀ ਪਾਲਣਾ ਨਹੀਂ ਕੀਤੀ ਜਾਦੀ ਅਤੇ ਸੜਕ ’ਤੇ ਜਿੱਗ-ਜੈਗ ਤਰੀਕੇ ਨਾਲ ਬੱਸਾਂ ਚਲਾਈਆਂ ਜਾਂਦੀਆਂ ਹਨ ਜੋ ਕਿ ਨਿਯਮਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਬੱਸ ਚਾਲਕਾਂ ’ਤੇ ਨਜ਼ਰ ਰੱਖਦਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

More from this section