ਚੰਡੀਗੜ੍ਹ

ਚੰਡੀਗੜ੍ਹ ਦੇ ਸੈਕਟਰ 23 ਵਿੱਚ ਸੁਨਿਆਰੇ ਦੀ ਦੁਕਾਨ ਤੋਂ ਸਵਾ ਕਰੋੜ ਦੇ ਗਹਿਣੇ ਚੋਰੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 28

ਸਥਾਨਕ ਸੈਕਟਰ 23 ਵਿੱਚ ਸਥਿਤ ਸੁਨਿਆਰੇ ਦੀ ਦੁਕਾਨ ਵਿੱਚੋਂ ਤਿਜੋਰੀ ਨੂੰ ਗੈਸ ਕਟਰ ਨਾਲ ਕੱਟ ਕੇ ਸਵਾ ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਤੋਂ ਬਾਅਦ ਤੋਂ ਹੀ ਦੁਕਾਨ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ ਫ਼ਰਾਰ ਹੈ। ਪੁਲੀਸ ਨੇ ਫ਼ਰਾਰ ਹੋਏ ਨੌਕਰ ਆਕਾਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਟ੍ਰਾਈਸਿਟੀ ਵਿੱਚ ਨਾਕਾਬੰਦੀ ਕਰ ਦਿੱਤੀ।

ਇਸ ਸਬੰਧੀ ਦੁਕਾਨ ਦੇ ਮਾਲਕ ਅਨੁਪ ਕੋਹਲੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਚਲੇ ਗਏ ਸਨ। ਪਰ ਦੁਕਾਨ ਵਿੱਚ ਕੰਮ ਕਰਨ ਵਾਲੇ ਪੰਜ ਨੌਕਰ ਦੁਕਾਨ ਵਿੱਚ ਉਪਰ ਕਮਰੇ ’ਚ ਰਹਿੰਦੇ ਸਨ। ਇਨ੍ਹਾਂ ਵਿੱਚੋਂ ਇੱਕ ਨੌਕਰ ਆਕਾਸ਼ ਦਾ ਬੀਤੇ ਦਿਨ ਜਨਮ ਦਿਨ ਸੀ ਜਿਸ ਕਰਕੇ ਦੁਕਾਨ ’ਤੇ ਕੰਮ ਕਰਨ ਵਾਲੇ ਨੌਕਰਾਂ ਨੇ ਦੇਰ ਰਾਤ ਤੱਕ ਪਾਰਟੀ ਕੀਤੀ। ਇਸ ਦੌਰਾਨ ਨੌਕਰ ਆਕਾਸ਼ ਨੇ ਹੋਰਨਾਂ ਨੌਕਰਾਂ ਨੂੰ ਕੋਈ ਨਸ਼ੀਲੀ ਵਸਤੂ ਪਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਤਿਜੋਰੀ ਨੂੰ ਬਾਥਰੂਮ ਵਿੱਚ ਲਿਜਾ ਕੇ ਗੈਸ ਕੱਟਰ ਨਾਲ ਕੱਟ ਕੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਇੰਨਾ ਹੀ ਨਹੀਂ ਮੁਲਜ਼ਮ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰ ਕੱਟ ਦਿੱਤੀ ਤਾਂ ਜੋ ਵਾਰਦਾਤ ਕੈਮਰਿਆਂ ਵਿੱਚ ਕੈਦ ਨਾ ਹੋ ਸਕੇ। ਸਵੇਰ ਹੋਣ ’ਤੇ ਬਾਕੀ ਨੌਕਰਾਂ ਨੂੰ ਹੋਸ਼ ਆਉਣ ’ਤੇ ਉਨ੍ਹਾਂ ਮਾਲਕ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ, ਡੀਐੱਸਪੀ ਅਤੇ ਫੋਰੈਂਸਿਕ ਟੀਮ ਨੇ ਵਾਰਦਾਤ ਵਾਲੀ ਥਾਂ ਦੀ ਜਾਂਚ ਕੀਤੀ।

ਪੁਲੀਸ ਅਨੁਸਾਰ ਫ਼ਰਾਰ ਨੌਕਰ ਦੀ ਪਛਾਣ ਆਕਾਸ਼ ਵਜੋਂ ਹੋਈ ਹੈ ਜੋ ਕੋਲਕਾਤਾ ਦਾ ਰਹਿਣ ਵਾਲਾ ਹੈ ਜਿਸ ਦੀ ਭਾਲ ਲਈ ਟ੍ਰਾਈਸਿਟੀ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਰ ਸਵਾ ਕਿੱਲੋ ਸੋਨਾ, ਤਿੰਨ ਲੱਖ ਨਕਦ ਅਤੇ 40 ਕੈਰਟ ਡਾਈਮੰਡ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਪੁਲੀਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ। ਦੂਜੇ ਪਾਸੇ ਆਕਾਸ਼ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।