ਪੰਜਾਬ

ਘਰ ਬੈਠੇ ਹੀ ਵਿਦਿਆਰਥੀ ਉਚੇਰੀ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਅਸਾਨੀ ਨਾਲ ਲੱਭ ਸਕਣਗੇ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਮਈ 17
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਬੀਤੇ ਕੱਲ੍ਹ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਤੇ ਉਪ ਜਿਲ੍ਹਾ ਸਿੱਖਿਆ ਅਫਸਰਾਂ ਦੀ ‘ਪੰਜਾਬ ਕੈਰੀਅਰ ਪੋਰਟਲ’ ਸਬੰਧੀ ਜ਼ੂਮ ਐਪ ਰਾਹੀਂ ਆਯੋਜਿਤ ਸਿਖਲਾਈ ਵਰਕਸ਼ਾਪ ‘ਚ ਇਹ ਗੱਲ ਉੱਭਰਕੇ ਸਾਹਮਣੇ ਆਈ ਕਿ ਉਕਤ ਪੋਰਟਲ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਸਬੰਧੀ ਯੋਗ ਅਗਵਾਈ ਦੇਵੇਗਾ। ਜਿਸ ਤਹਿਤ ਵਿਦਿਆਰਥੀ ਆਪਣੇ ਤੇ ਹੋਰਨਾਂ ਰਾਜਾਂ, ਬਾਹਰਲੇ ਮੁਲਕਾਂ ਵਿੱਚ ਆਪਣੀ ਉਚੇਰੀ ਸਿੱਖਿਆ ਦੇ ਖੇਤਰ ਦੀ ਚੋਣ ਕਰਕੇ, ਆਪਣੀ ਯੋਗਤਾ ਅਤੇ ਪਸੰਦ ਅਨੁਸਾਰ ਰੁਜ਼ਗਾਰ ਦੀ ਚੋਣ ਅਸਾਨੀ ਨਾਲ ਕਰ ਸਕਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)ਡਾ. ਤ੍ਰਿਲੋਚਨ ਸਿੰਘ ਸਿੱਧੂ ਨੇ ਉਕਤ ਵਰਕਸ਼ਾਪ ‘ਚ ਹਿੱਸਾ ਲੈਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਤੇ ਵਿਜ਼ਿਟ ਕਰਕੇ ਪੋਰਟਲ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਡਾ. ਤ੍ਰਿਲੋਚਨ ਸਿੰਘ ਸਿੱਧੂ  ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਨਿੱਤ ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ  ਵਿਦਿਆਰਥੀਆਂ ਨੂੰ ਕੈਰੀਅਰ ਚੋਣ ਸਬੰਧੀ ਗਾਈਡੈਂਸ ਪ੍ਰਦਾਨ ਕਰਨ ਲਈ ਇੱਕ ਪੋਰਟਲ ‘ਪੰਜਾਬ ਕੈਰੀਅਰ ਪੋਰਟਲ’ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦੀ ਵਰਤੋਂ ਕਰਨ ਲਈ ਹਰ ਵਿਦਿਆਰਥੀ ਦੀ ਨਿੱਜੀ ਆਈ.ਡੀ. ਬਣਾਈ ਜਾਵੇਗੀ। ਜਿਸ ਦੀ ਵਰਤੋਂ ਕਰਦਿਆਂ ਵਿਦਿਆਰਥੀ ਆਪਣੇ ਦੇਸ਼ ਅਤੇ ਬਾਹਰਲੇ ਦੇਸ਼ਾਂ ਦੇ ਲਗਪਗ 21000 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 450 ਦੇ ਕਰੀਬ ਕਿੱਤਿਆਂ, ਲਗਪਗ 1150 ਪ੍ਰਵੇਸ਼ ਪ੍ਰੀਖਿਆਵਾਂ ਅਤੇ ਲਗਪਗ 1200 ਵਜ਼ੀਫ਼ਿਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਵਿਭਾਗ ਵੱਲੋਂ ਆਈ ਡੀ ਦੀ ਵਰਤੋਂ ਸਹੀ ਢੰਗ ਨਾਲ ਕਰਨ ਸਬੰਧੀ ਅਧਿਆਪਕਾਂ ਦੇ ਕਪੈਸਟੀ ਬਿਲਡ ਪ੍ਰੋਗਰਾਮ ਵੀ ਲਗਾਏ ਜਾ ਰਹੇ ਹਨ ਤਾਂ ਕਿ  ਅਧਿਆਪਕ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰ ਸਕਣ। ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬ੍ਰਿਜ ਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਯੂਨੀਸੈਫ, ਐਨਜੀਓ ਆਸਮਾਂ ਫਾਊਂਡੇਸ਼ਨ ਅਤੇ ਟਾਟਾ ਪਾਵਰ ਵੱਲੋਂ ਚਲਾਇਆ ਜਾ ਰਿਹਾ ਹੈ। ਰਾਜ ਦੇ ਲਗਪਗ 20,000 ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਪਗ 8.5 ਲੱਖ ਵਿਦਿਆਰਥੀਆਂ ਲਈ ਇਹ ਪ੍ਰੈਜੈਕਟ ਵਰਦਾਨ ਸਾਬਤ ਹੋਵੇਗਾ। ਪੰਜਾਬ ਸਰਕਾਰ ਦੀ ਯੋਗ ਅਗਵਾਈ ਤਹਿਤ ਇਹ ਪ੍ਰੋਜੈਕਟ ਲੜਕੀਆਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਆਪਣੇ ਕੌਸ਼ਲਾਂ ਦੇ ਅਧਾਰ ‘ਤੇ ਸਹੀ ਸਟਰੀਮ  ਦੀ ਚੋਣ ਕਰਕੇ ਰੁਜ਼ਗਾਰ ਪ੍ਰਾਪਤੀ ਵਿੱਚ ਖਾਸ ਤੌਰ ‘ਤੇ ਸਹਾਈ ਹੋਵੇਗਾ।