ਦੇਸ਼

ਘਰੇਲੂ ਕਲੇਸ਼ ਤੋਂ ਤੰਗ ਮਹਿਲਾ ਅਤੇ ਉਸਦੀਆਂ 5 ਧੀਆਂ ਨੇ ਰੇਲ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਫ਼ੈਕ੍ਟ ਸਮਾਚਾਰ ਸੇਵਾ ਰਾਏਪੁਰ , ਜੂਨ 11
ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ‘ਚ ਮਹਿਲਾ ਅਤੇ ਉਸ ਦੀਆਂ 5 ਧੀਆਂ ਨੇ ਤੇਜ਼ ਰਫ਼ਤਾਰ ਰੇਲ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਨੂੰ ਘਟਨਾ ਦੀ ਜਾਂਚ ਕਰ ਕੇ ਜ਼ਰੂਰੀ ਕਾਰਵਾਈ ਯਕੀਨੀ ਕਰਨ ਲਈ ਕਿਹਾ ਹੈ। ਮਹਾਸਮੁੰਦ ਜ਼ਿਲ੍ਹੇ ਦੀ ਐਡੀਸ਼ਨਲ ਪੁਲਸ ਸੁਪਰਡੈਂਟ ਮੇਘਾ ਟੇਂਭੁਰਕਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਹਾਸਮੁੰਦ ਅਤੇ ਬੇਲਸੋਂਡਾ ਪਿੰਡ ਦੇ ਕਰੀਬ ਬੀਤੀ ਰਾਤ ਉਮਾ ਸਾਹ (45), ਉਸ ਦੀ ਧੀ ਅੰਨਪੂਰਨਾ (18), ਯਸ਼ੋਦਾ (16), ਭੂਮਿਕਾ (14), ਕੁਮਕੁਮ (12) ਅਤੇ ਤੁਲਸੀ (10) ਨੇ ਰੇਲ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਟੇਂਭੁਰਕਰ ਨੇ ਦੱਸਿਆ ਕਿ ਪੁਲਸ ਨੂੰ ਜਦੋਂ ਘਟਨਾ ਦੀ ਜਾਣਕਾਰੀ ਮਿਲੀ, ਉਦੋਂ ਹਾਦਸੇ ਵਾਲੀ ਜਗ੍ਹਾ ਲਈ ਪੁਲਸ ਦਲ ਰਵਾਨਾ ਕੀਤਾ ਗਿਆ ਅਤੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਸਾਹੂ ਪਰਿਵਾਰ ਜ਼ਿਲ੍ਹੇ ਦੇ ਬੇਮਚਾ ਪਿੰਡ ਦਾ ਵਾਸੀ ਹੈ। ਰਾਤ ਨੂੰ ਪਤਨੀ ਦਾ ਪਤੀ ਨਾਲ ਵਿਵਾਦ ਹੋਇਆ, ਉਦੋਂ ਉਹ ਆਪਣੇ ਬੱਚਿਆਂ ਨਾਲ ਉੱਥੋਂ ਨਿਕਲ ਗਈ ਸੀ। ਬਾਅਦ ‘ਚ ਉਸ ਦੀ ਲਾਸ਼ ਰੇਲ ਦੀਆਂ ਪੱਟੜੀਆਂ ਕੋਲ ਮਿਲੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, ਪਤਨੀ ਨੇ ਪਤੀ ਨਾਲ ਵਿਵਾਦ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਪੁਲਸ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।