ਪੰਜਾਬ

ਘਰੇਲੂ ਇਕਾਂਤਵਾਸ ਅਧੀਨ 1 ਲੱਖ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

ਫ਼ੈਕ੍ਟ ਸਮਾਚਾਰ ਸੇਵਾ
ਨਵਾਂਸ਼ਹਿਰ, ਮਈ 1
ਕੋਵਿਡ ਮਹਾਮਾਰੀ ਦੇ ਇਨਾਂ ਚੁਣੌਤੀ ਭਰੇ ਹਾਲਾਤ ਦਰਮਿਆਨ ਤਕਰੀਬਨ 1.80 ਲੱਖ ਤੋਂ ਵੱਧ ਕੋਵਿਡ-19 ਪਾਜ਼ੇਟਿਵ ਮਰੀਜ਼, ਜਿਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਰੱਖਿਆ ਗਿਆ ਸੀ, ਇਸ ਮਾਰੂ ਵਾਇਰਸ ਤੋਂ ਸਫ਼ਲਤਾਪੂਰਵਕ ਸਿਹਤਯਾਬ ਹੋ ਗਏ ਹਨ ਅਤੇ ਇਸ ਵੇਲੇ ਤਕਰੀਬਨ 38,948 ਐਕਟਿਵ ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਹਨ ਅਤੇ ਸਿਹਤ ਵਿਭਾਗ ਦੀਆਂ ਸਮਰਪਿਤ ਟੀਮਾਂ ਦੀ ਨਿਗਰਾਨੀ ਅਧੀਨ ਮਹਾਮਾਰੀ ਨਾਲ ਇਸ ਜੰਗ ’ਤੇ ਫ਼ਤਿਹ ਪਾਉਣ ਲਈ ਡਟੇ ਹੋਏ ਹਨ।
ਜਾਰੀ ਕੀਤੇ ਇਕ ਪ੍ਰੈੱਸ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਅਜਿਹੇ ਮਰੀਜ਼ ਟੈਸਟਿੰਗ ਸਮੇਂ ਸਿਰਫ਼ ਘਰੇਲੂ ਇਕਾਂਤਵਾਸ ਵਿੱਚ ਰਹਿਣ ਦਾ ਵਿਕਲਪ ਚੁਣਨ। ਉਨਾਂ ਕਿਹਾ ਕਿ ਹੁਣ ਤੱਕ 2,21,833 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿਨਾਂ ਵਿਚੋਂ 98 ਫੀਸਦੀ ਨੇ ਟੈਲੀਫੋਨ ’ਤੇ ਸਾਡੇ ਸਮਰਪਿਤ ਸਿਹਤ ਮਾਹਿਰਾਂ ਦੀ ਡਾਕਟਰੀ ਸਲਾਹ ਪ੍ਰਾਪਤ ਕਰਕੇ ਸਫ਼ਲਤਾਪੂਰਵਕ ਰਿਕਵਰ ਕੀਤਾ ਹੈ ਅਤੇ ਹੁਣ ਤੱਕ ਕੇਵਲ 2,331 ਮਰੀਜ਼ਾਂ ਨੂੰ ਹੀ ਸੰਸਥਾਗਤ ਨਿਗਰਾਨੀ ਲਈ ਰੈਫਰ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਹਰੇਕ ਬਲਾਕ ਵਿੱਚ ਰੈਪਿਡ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਜੇਕਰ ਮਰੀਜ਼ਾਂ ਦੀ ਹਾਲਤ ਵਿਗੜਦੀ ਹੈ ਅਤੇ ਗੰਭੀਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਮਰੀਜ਼ਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ।
ਉਨਾਂ ਕਿਹਾ ਕਿ ਕੋਵਿਡ-19 ਦੇ ਲੱਛਣਾਂ, ਟੈਸਟਿੰਗ ਜਾਂ ਦਾਖਲੇ ਲਈ ਨੇੜਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਬੰਧੀ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ 24 ਘੰਟੇ, 104 ਹੈਲਪਲਾਈਨ ਵਿਸ਼ੇਸ਼ ਤੌਰ ’ਤੇ ਕਾਰਜਸ਼ੀਲ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ 1,90,000 ਕੋਰੋਨਾ ਫ਼ਤਿਹ ਕਿੱਟਾਂ, ਜਿਸ ਵਿਚ ਪਲਸ ਆਕਸਾਈਮੀਟਰ, ਥਰਮਾਮੀਟਰ, ਸਟੀਮਰ ਅਤੇ ਜ਼ਰੂਰੀ ਦਵਾਈਆਂ ਹਨ, ਦੀ ਖ਼ਰੀਦ ਕੀਤੀ ਗਈ ਹੈ ਅਤੇ ਉਨਾਂ ਨੂੰ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਘਰਾਂ ਵਿੱਚ ਹੀ ਵਿਚ ਵੰਡਿਆ ਜਾ ਰਿਹਾ ਹੈ। ਹਾਲਾਂਕਿ, ਇਸ ਮਹੀਨੇ 38,169 ਕੋਰੋਨਾ ਫ਼ਤਿਹ ਕਿੱਟਾਂ ਵੰਡੀਆਂ ਗਈਆਂ। ਲੋੜਵੰਦ ਮਰੀਜ਼ਾਂ ਨੂੰ ਫੂਡ ਕਿੱਟਾਂ ਤੋਂ ਇਲਾਵਾ 10,000 ਪੋਸਟ ਹੈਲਥ ਕੇਅਰ ਕਿੱਟਾਂ ਵੀ ਵੰਡੀਆਂ ਗਈਆਂ।
ਫੋਟੋ :
-ਬਲਬੀਰ ਸਿੰਘ ਸਿੱਧੂ, ਸਿਹਤ ਮੰਤਰੀ ਪੰਜਾਬ।