ਗੰਦੇ ਪਾਣੀ ਨੂੰ ਸਾਫ਼ ਕਰਕੇ ਵਰਤੋਂ ਯੋਗ ਬਣਾਉਣ ਦੀ ਕਕਰਾਲੀ ਪਿੰਡ ਦੀ ਸਫ਼ਲਤਾ ਦੀ ਕਹਾਣੀ

ਫ਼ੈਕ੍ਟ ਸਮਾਚਾਰ ਸੇਵਾ
ਰੂਪਨਗਰ, ਜੁਲਾਈ 26

ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਪੜ ਦੇ ਮੋਰਿੰਡਾ ਬਲਾਕ ਦੇ ਪਿੰਡ ਕਕਰਾਲੀ ਨੇ ਥਾਪਰ ਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ਸਿਸਟਮ ਸਥਾਪਿਤ ਕੀਤਾ ਹੈ ਜੋ 271 ਘਰਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਕਕਰਾਲੀ ਦੀ ਆਬਾਦੀ 1534 ਹੈ। ਪਿੰਡ ਵਿਚ ਇਕ ਛੱਪੜ ਹੈ ਜੋ ਪਹਿਲਾਂ ਘਰਾਂ ਤੋਂ ਆਉਣ ਵਾਲੇ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਸੀ, ਜਿਸ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਸੀ ਅਤੇ ਬਰਸਾਤ ਦੇ ਮੌਸਮ ਦੌਰਾਨ ਗੰਦਾ ਪਾਣੀ ਪਿੰਡ ਦੀਆਂ ਗਲੀਆਂ/ਸੜਕਾਂ ‘ਤੇ ਵਹਿਣ ਲੱਗ ਜਾਂਦਾ ਸੀ ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਇਹ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ।

ਇਸ ਸਬੰਧੀ ਚੁੱਕੇ ਗਏ ਕਦਮ:

ਪਿੰਡ ਦੇ ਲੋਕ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਮੁਹਿੰਮ ਬਾਰੇ ਪਹਿਲਾਂ ਤੋਂ ਹੀ ਜਾਣੂ ਸਨ ਅਤੇ ਉਹਨਾਂ ਪੰਚਾਇਤੀ ਰਾਜ ਵਿਭਾਗ ਨਾਲ ਗੱਲਬਾਤ ਤੋਂ ਬਾਅਦ ਥਾਪਰ ਇੰਜੀਨੀਅਰਿੰਗ ਕਾਲਜ, ਪਟਿਆਲਾ ਵੱਲੋਂ ਤਿਆਰ ਕੀਤੀ ਤਕਨਾਲੋਜੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਇਸ ਤਕਨਾਲੋਜੀ ਦੀ ਵਰਤੋਂ ਕਰਕੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਇੱਕ ਸਿਸਟਮ ਸਥਾਪਤ ਕਰ ਲਿਆ ਗਿਆ ਅਤੇ ਸਾਲ 2018 ਵਿਚ ਛੱਪੜਾਂ ਨੂੰ ਚੌੜਾ ਅਤੇ ਡੂੰਘਾ ਕਰਕੇ ਇਹਨਾਂ ਦੀ ਸਮਰੱਥਾ ਵਧਾਉਣੀ ਸ਼ੁਰੂ ਕੀਤੀ ਗਈ। ਇਸ ਮੰਤਵ ਲਈ 35 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਨਾਲ ਚੈਂਬਰਾਂ ਅਤੇ ਖੂਹਾਂ ਦਾ ਨਿਰਮਾਣ ਕੀਤਾ ਗਿਆ।
ਇਹ ਕਿਵੇਂ ਕੰਮ ਕਰਦਾ ਹੈ?
• ਪਹਿਲਾ ਚੈਂਬਰ: ਸਾਰੇ ਘਰਾਂ ਦੇ ਸੀਵਰੇਜ ਦਾ ਪਾਣੀ ਪਹਿਲੇ ਚੈਂਬਰ ਵਿਚ ਇਕੱਠਾ ਕੀਤਾ ਜਾਂਦਾ ਹੈ ਜਿੱਥੇ ਠੋਸ ਰਹਿੰਦ-ਖੂਹੰਦ ਅਤੇ ਪਲਾਸਟਿਕ ਨੂੰ ਵੱਖ ਕੀਤਾ ਜਾਂਦਾ ਹੈ। ਅੱਗੇ ਇਹ ਚੈਂਬਰ ਦੂਜੇ ਚੈਂਬਰ ਨਾਲ ਚੰਗੀ ਤਰ੍ਹਾਂ ਜੁੜਿਆ ਹੁੰਦਾ ਹੈ।
• ਦੂਜਾ ਚੈਂਬਰ: ਇਸ ਚੈਂਬਰ ਵਿੱਚ ਪਾਣੀ ਘੜੀ ਦੀ ਦਿਸ਼ਾ ਵਿੱਚ ਗੋਲ-ਗੋਲ ਘੁੰਮਦਾ ਹੈ ਜਿਸ ਕਾਰਨ ਠੋਸ ਰਹਿੰਦ-ਖੂਹੰਦ ਸਤਹ ‘ਤੇ ਬੈਠ ਜਾਂਦੀ ਹੈ ਜਦੋਂ ਕਿ ਤਰਲ ਪਾਣੀ ਉਪਰ ਤੈਰਦਾ ਰਹਿੰਦਾ ਹੈ।
• ਤੀਜਾ ਚੈਂਬਰ: ਇਸ ਚੈਂਬਰ ਵਿਚ ਪਾਣੀ ਘੜੀ ਦੀ ਉਲਟ ਦਿਸ਼ਾ ਵਿੱਚ ਘੁੰਮਦਾ ਹੈ ਜਿਸ ਨਾਲ ਪਾਣੀ ਵਿਚ ਮੌਜੂਦ ਤਰਲ (ਤੇਲ, ਪਾਣੀ) ਵੱਖ ਹੋ ਜਾਂਦੇ ਹਨ।
• ਚੌਥਾ ਚੈਂਬਰ: ਇਸ ਚੈਂਬਰ ਵਿੱਚ ਸੋਧਿਆ ਹੋਇਆ ਪਾਣੀ ਇਕੱਠਾ ਕੀਤਾ ਜਾਂਦਾ ਹੈ।
 • ਪੰਜਵਾਂ ਚੈਂਬਰ: ਚੌਥੇ ਚੈਂਬਰ ਵਿੱਚੋਂ ਪਾਣੀ ਫਿਰ ਇਸ ਚੈਂਬਰ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਚੈਂਬਰ ਦਾ ਮੁੱਖ ਕੰਮ ਸੂਰਜ ਦੀ ਰੌਸ਼ਨੀ, ਬੈਕਟਰੀਆ ਅਤੇ ਕਾਈ ਨਾਲ ਗੰਦੇ ਪਾਣੀ ਨੂੰ ਸਾਫ਼ ਕਰਨਾ ਹੈ। ਕਾਈ ਸੂਰਜ ਅਤੇ ਕਾਰਬਨ ਡਾਈਆਕਸਾਈਡ ਅਤੇ ਬੈਕਟਰੀਆ ਵੱਲੋਂ ਪਾਣੀ ਵਿਚ ਛੱਡੇ ਗਏ ਨਿਰਜੀਵ ਮਿਸ਼ਰਣ ਦੀ ਊਰਜਾ ਨਾਲ ਵਧਦੀ ਹੈ। ਇਸ ਤੋਂ ਬਾਅਦ, ਇਸ ਪਾਣੀ ਨੂੰ ਧਰਤੀ ਵਿੱਚ ਦੱਬੇ ਪਾਇਪਾਂ ਰਾਹੀਂ ਖੇਤਾਂ ਤੱਕ ਲਿਜਾਇਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਖੇਤੀਬਾੜੀ ਉਦੇਸ਼ਾਂ ਲਈ ਕੀਤੀ ਜਾਂਦੀ ਹੈ।
ਕਾਰਜ ਅਤੇ ਦੇਖਭਾਲ:
ਇਹ ਦੇਖਿਆ ਗਿਆ ਹੈ ਕਿ ਪਾਣੀ ਜਮ੍ਹਾਂ ਕਰਨ ਵਾਲੇ ਟੈਂਕ ਤੱਕ ਪਾਣੀ ਪਹੁੰਚਣ ਨਾਲ ਇਸ ਦੀ ਬਦਬੂ ਘਟਦੀ ਹੈ। ਪਲਾਂਟ ਲਈ ਵੱਖ-ਵੱਖ ਪੱਧਰਾਂ ‘ਤੇ ਸਫਾਈ ਅਤੇ ਸੰਭਾਲ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਸਫ਼ਾਈ ਅਤੇ ਸਾਂਭ-ਸੰਭਾਲ ਮਗਨਰੇਗਾ ਅਤੇ ਜ਼ਿਲ੍ਹੇ ਦੇ ਯੂਥ ਕਲੱਬਾਂ ਰਾਹੀਂ ਕੀਤੀ ਜਾਂਦੀ ਹੈ ਜੋ ਇਸ ਦੀ ਪ੍ਰਕਿਰਿਆ ਨੂੰ ਨਿਰੰਤਰ ਜਾਰੀ ਰੱਖਣ ਲਈ ਇਸ ਦੇ ਚੈਂਬਰ ਦੀ ਨਿਰੰਤਰ ਸਫ਼ਾਈ ਵਿੱਚ ਸਹਿਯੋਗ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਇਸ ਜਗ੍ਹਾ ਨੂੰ ਸੁੰਦਰ ਢੰਗ ਨਾਲ ਤਿਆਰ ਕਰਕੇ ਇਕ ਪਾਰਕ ਵਿਚ ਬਦਲ ਦਿੱਤਾ ਗਿਆ ਹੈ ਜਿੱਥੇ ਬੱਚੇ ਖੇਡਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਵਿਚ ਰੁੱਝੇ ਰਹਿੰਦੇ ਹਨ ਅਤੇ ਬਾਲਗ ਸੈਰ ਕਰਦੇ ਹਨ ਜਾਂ ਆਪਣਾ ਸਮਾਂ ਬਿਤਾਉਂਦੇ ਹਨ ਜਦਕਿ ਪਹਿਲਾਂ ਬਦਬੂ ਕਾਰਨ ਇਸ ਜਗ੍ਹਾ ਤੋਂ ਲੰਘਣਾ ਵੀ ਮੁਸ਼ਕਲ ਹੁੰਦਾ ਸੀ।
ਇਸ ਪਹਿਲਕਦਮੀ ਦੇ ਪ੍ਰਭਾਵ ਬਾਰੇ ਪਿੰਡ ਦੇ ਵਸਨੀਕਾਂ ਦੇ ਵਿਚਾਰ:
ਸ਼ੇਰ ਸਿੰਘ, ਪਿੰਡ ਵਾਸੀ: ਛੱਪੜ ਦੀ ਸਥਿਤੀ ਨੂੰ ਵੇਖ ਕੇ ਮੈਨੂੰ ਬਹੁਤ ਸੰਤੁਸ਼ਟੀ ਮਹਿਸੂਸ ਹੁੰਦੀ ਹੈ। ਮੇਰੀ ਪਤਨੀ ਪਿੰਡ ਦੀ ਮੌਜੂਦਾ ਸਰਪੰਚ ਹੈ ਅਤੇ ਇਸ ਉਪਰਾਲੇ ਨਾਲ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਨਵੀਨੀਕਰਨ ਨਾਲ ਸਬੰਧਤ ਗਤੀਵਿਧੀਆਂ ਵਿੱਚ ਜੋੜਨ ਵਿੱਚ ਕਾਫ਼ੀ ਮਦਦ ਮਿਲੀ ਹੈ। ਮੈਨੂੰ ਕਿਸਾਨਾਂ ਤੋਂ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਇਸ ਵਾਰ ਫਸਲਾਂ ਵਿੱਚ ਵਾਧੂ ਰੂੜੀ ਜਾਂ ਰਸਾਇਣ ਖਾਦਾਂ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ।
ਰਜਿੰਦਰ ਕੌਰ, ਸਮਾਜ ਸੇਵੀ: ਛੱਪੜ ਨੂੰ ਸਾਫ਼ ਕਰਨ ਅਤੇ ਇਸ ਪਾਣੀ ਦੀ ਵਰਤੋਂ ਖੇਤੀਬਾੜੀ ਉਦੇਸ਼ਾਂ ਲਈ ਕੀਤੀ ਜਾ ਰਹੀ ਹੈ ਜੋ ਕਿ ਬਾਕਮਾਲ ਹੈ। ਮੈਨੂੰ ਯਾਦ ਹੈ ਕਿ ਪਹਿਲਾਂ ਜਦੋਂ ਮੇਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸਨ ਅਤੇ ਛੋਟੇ-ਛੋਟੇ ਬੱਚੇ ਛੱਪੜ ਕੋਲ ਜਾਣਾ ਚਾਹੁੰਦੇ ਸਨ, ਉਸ ਸਮੇਂ ਬਦਬੂ ਕਾਰਨ ਇਸ ਛੱਪੜ ਦੇ ਨੇੜੇ ਖੜ੍ਹਨਾ ਵੀ ਮੁਸ਼ਕਲ ਸੀ। ਮੈਨੂੰ ਪਿੰਡ ਵਿਚ ਇਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ।
ਬੂਟਾ ਸਿੰਘ, ਕਿਸਾਨ: ਇਹ ਤਰਲ ਰਹਿੰਦ-ਖੂਹੰਦ ਪ੍ਰਬੰਧਨ ਪਲਾਂਟ ਕਿਸਾਨਾਂ ਲਈ ਇਕ ਉਮੀਦ ਦੀ ਕਿਰਨ ਬਣ ਗਿਆ ਹੈ। ਗੰਦੇ ਪਾਣੀ ਨੂੰ ਨਾ ਸਿਰਫ ਸਾਫ਼ ਕੀਤਾ ਜਾਂਦਾ ਹੈ ਬਲਕਿ ਇਸ ਦੀ ਵਰਤੋਂ ਖੇਤੀਬਾੜੀ ਲਈ ਕੀਤੀ ਜਾਂਦੀ ਹੈ ਅਤੇ ਇਹ ਫਸਲਾਂ ਦੀ ਕੁਆਲਿਟੀ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰਦਾ ਹੈ। ਛੱਪੜ ਤੱਕ ਜੁੜੀ ਸਿੱਧੀ ਪਾਈਪ ਲਾਈਨ ਨਾਲ ਲਗਭਗ 70 ਏਕੜ ਜ਼ਮੀਨ ਦੀ ਸਿੰਜਾਈ ਕੀਤੀ ਜਾ ਰਹੀ ਹੈ ਅਤੇ 15 ਤੋਂ ਵੱਧ ਕਿਸਾਨ ਇਸ ਦਾ ਲਾਭ ਲੈ ਰਹੇ ਹਨ। ਅਸਲ ਵਿੱਚ ਪਹਿਲਾਂ ਅਸੀਂ ਆਪਣੇ ਖੇਤਾਂ ਵਿੱਚ ਯੂਰੀਏ ਦੇ 3 ਥੈਲੇ ਦੀ ਵਰਤੋਂ ਕਰਦੇ ਸਾਂ ਪਰ ਹੁਣ ਅਸੀਂ ਸਿਰਫ ਇੱਕ ਥੈਲੇ ਦੀ ਵਰਤੋਂ ਕਰਦੇ ਹਾਂ। ਇਸ ਪਾਣੀ ਵਿਚ ਜੈਵਿਕ ਗੁਣ ਹਨ ਜਿਸ ਨੇ ਇਸ ਪਹਿਲਕਦਮੀ ਪ੍ਰਤੀ ਸਾਡੀ ਭਰੋਸੇਯੋਗਤਾ ਨੂੰ ਵਧਾ ਦਿੱਤਾ ਹੈ।
ਗੁਰਵਿੰਦਰ ਸਿੰਘ, ਮਾਰਕੀਟ ਕਮੇਟੀ ਚੇਅਰਮੈਨ: ਮੈਂ ਇਸ ਪ੍ਰਾਜੈਕਟ ਰਾਹੀਂ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਵਾਉਣ ਲਈ ਸਾਡੀ ਗ੍ਰਾਮ ਪੰਚਾਇਤ ਵੱਲੋਂ ਕੀਤੇ ਯਤਨਾਂ ਤੋਂ ਖੁਸ਼ ਹਾਂ। ਮੈਂ ਇਸ ਉਪਰਾਲੇ ਲਈ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੁੰਦਾ ਹਾਂ। ਛੱਪੜ ਸਾਡੇ ਪਿੰਡ ਦਾ ਮਾਣ ਬਣ ਗਿਆ ਹੈ। ਮੈਂ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਸ ਪਹਿਲਕਦਮੀ ਨੂੰ ਅਪਣਾਉਣ ਦੀ ਅਪੀਲ ਕਰਦਾ ਹਾਂ।

More from this section