ਖੇਡ

ਗਰਬਾਈਨ ਮੁਗੁਰੂਜ਼ਾ ਨੇ ਸ਼ਿਕਾਗੋ ਓਪਨ ਦਾ ਜਿੱਤਿਆ ਖ਼ਿਤਾਬ

ਫ਼ੈਕ੍ਟ ਸਮਾਚਾਰ ਸੇਵਾ
ਸ਼ਿਕਾਗੋ ਅਕਤੂਬਰ 04

ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਟਿਊਨੀਸ਼ੀਆਦੀ ਓਨਸ ਜਬੇਰ ਨੂੰ 3 ਸੈੱਟ ਤਕ ਚਲੇ ਫ਼ਾਈਨਲ ‘ਚ ਹਰਾਕੇ ਸ਼ਿਕਾਗੋ ਓਪਨ ਟੈਨਿਸ ਕਲਾਸਿਕ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਇਹ ਉਨ੍ਹਾਂ ਦਾ ਇਸ ਸੈਸ਼ਨ ‘ਚ ਡਬਲਯੂ. ਟੀ. ਏ. ਟੂਰ ‘ਚ ਦੂਜਾ ਤੇ ਕਰੀਅਰ ਦਾ ਨੌਵਾਂ ਖ਼ਿਤਾਬ ਹੈ। ਇਸ ਸਾਲ ਮਾਰਚ ‘ਚ ਦੁਬਈ ਡਿਊਟੀ ਫ੍ਰੀ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਾਲੀ ਨੌਵਾਂ ਦਰਜਾ ਪ੍ਰਾਪਤ ਮੁਗੁਰੂਜ਼ਾ ਨੇ 16ਵੀਂ ਰੈਂਕਿੰਗ ਦੀ ਜਬੇਰ ਨੂੰ 3-6, 6-3, 6-0 ਨਾਲ ਹਰਾਇਆ।

ਜਬੇਰ ਨੇ ਪਹਿਲੇ ਸੈੱਟ ਦੇ ਚੌਥੇ ਗੇਮ ‘ਚ ਮੁਗੁਰੂਜ਼ਾ ਦੀ ਸਰਵਿਸ ਤੋੜੀ ਤੇ ਬੈਕਹੈਂਡ ਵਿਨਰ ਨਾਲ ਸੈੱਟ ਆਪਣੇ ਨਾਂ ਕੀਤਾ। ਜਬੇਰ ਨੇ ਦੂਜੇ ਸੈੱਟ ਦੇ ਸ਼ੁਰੂ ‘ਚ ਮੁਗੁਰੂਜ਼ਾ ਦੀ ਸਰਵਿਸ ਤੋੜ ਕੇ 3-2 ਦੀ ਬੜ੍ਹਤ ਬਣਾਈ। ਮੁਗੁਰੂਜ਼ਾ ਨੇ ਹਾਲਾਂਕਿ ਇਸ ਤੋਂ ਬਾਅਦ ਚੰਗੀ ਵਾਪਸੀ ਕੀਤੀ ਤੇ ਤੁਰੰਤ ਬ੍ਰੇਕ ਪੁਆਇੰਟ ਲੈ ਕੇ ਬਰਾਬਰੀ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਤਿੰਨ ਗੇਮ ਜਿੱਤ ਕੇ ਦੂਜਾ ਸੈੱਟ ਆਪਣੇ ਨਾਂ ਕੀਤਾ। ਤੀਜੇ ਸੈੱਟ ‘ਚ ਮੁਗੁਰੂਜ਼ਾ ਨੂੰ ਜਿੱਤਣ ‘ਚ ਕੋਈ ਦਿੱਕਤ ਨਹੀਂ ਹੋਈ ਤੇ ਉਨ੍ਹਾਂ ਨੇ ਜਬੇਰ ਨੂੰ ਇਕ ਵੀ ਗੇਮ ਜਿੱਤਣ ਨਹੀਂ ਦਿੱਤਾ।