ਪੰਜਾਬ

ਖੋਖਾ ਮਾਰਕਿਟ ਦੇ ਦੁਕਾਨਦਾਰਾਂ ਨੇ ਪੱਕੀਆਂ ਦੁਕਾਨਾਂ ਦੀ ਕੀਤੀ ਮੰਗ

ਫ਼ੈਕ੍ਟ ਸਮਾਚਾਰ ਸੇਵਾ
ਐਸ. ਏ. ਐਸ. ਨਗਰ, 15 ਮਈ
ਗੁਰੂ ਨਾਨਕ ਮਾਰਕਿਟ ਫੇਜ਼ 01, ਜਿਸ ਨੂੰ ਖੋਖਾ ਮਾਰਕਿਟ ਵੀ ਕਿਹਾ ਜਾਂਦਾ ਹੈ, ਦੇ ਦੁਕਾਨਦਾਰਾਂ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕੀਆਂ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ, ਜਿਸ ਦਾ ਉਹ ਮੁੱਲ ਤਾਰਨ ਲਈ ਵੀ ਤਿਆਰ ਹਨ।ਇਸ ਸਬੰਧੀ ਸਿਹਤ ਮੰਤਰੀ ਸਿੱੱਧੂ ਨੇ ਉਨ੍ਹਾਂ ਨੂੰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ  ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ ਤੇ ਮੋਹਾਲੀ ਦੇ ਵਿਕਾਸ ਸਬੰਧੀ ਅਤੇ ਇੱਥੋਂ ਦੇ ਲੋਕਾਂ ਦੀਆਂ ਦਿੱਕਤਾਂ ਦੂਰ ਕਰਨ ਸਬੰਧੀ ਕਿਸੇ ਕਿਸਮ ਦੀ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਨ੍ਹਾਂ ਕੱਚੀਆਂ ਦੁਕਾਨਾਂ ਰਾਹੀਂ ਆਪਣਾ ਰੁਜ਼ਗਾਰ ਚਲਾਉਂਦੇ ਆ ਰਹੇ ਹਨ। ਦੁਕਾਨਾਂ ਕੱਚੀਆਂ ਹੋਣ ਕਰ ਕੇ ਉਨ੍ਹਾਂ ਨੂੰ ਵੱਖ ਵੱਖ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਚੋਰੀ ਦਾ, ਅੱਗ ਲੱਗਣ ਦਾ ਅਤੇ ਬਰਸਾਤੀ ਪਾਣੀ ਆਉਣ ਦਾ ਡਰ ਬਣਿਆ ਰਹਿੰੰਦਾ ਹੈ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇ ਕਰ ਉਨ੍ਹਾਂ ਨੂੰ ਵੀ ਹੋਰਨਾਂ ਮਾਰਕਿਟਾਂ ਵਾਂਙ ਪੱਕੀਆਂ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ ਤਾਂ ਉਹ ਬਣਦਾ ਮੁੱਲ ਤਾਰਨ ਲਈ ਵੀ ਤਿਆਰ ਹਨ। ਮੋਹਾਲੀ ਸਾਫ਼ ਸੁਥਰਾ ਤੇ ਸੋਹਣਾ ਸ਼ਹਿਰ ਹੈ। ਇਸ ਲਈ ਪੱਕੀਆਂ ਦੁਕਾਨਾਂ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਵੀ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦਾ ਮੌਕਾ ਦਿੱਤਾ ਜਾਵੇ।
ਦੁਕਾਨਦਾਰਾਂ ਦੀਆਂ ਮੰਗਾਂ ਸੁਨਣ ਉਪਰੰਤ  ਸਿੱਧੂ ਨੇ ਇਨ੍ਹਾਂ ਮੰਗਾਂ ਉਤੇ ਗੰਭੀਰਤਾ ਨਾਲ ਵਿਚਾਰ ਕਰਨ ਤੇ ਇਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਖਰੜ ਦੇ ਚੇਅਰਮੈਨ  ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਰਾਕੇਸ਼ ਕੁਮਾਰ ਰਿੰਕੂ, ਸੁਨੀਲ ਕੁਮਾਰ ਪਿੰਕਾ, ਮਨਜੀਤ ਸਿੰਘ, ਸ਼ਾਮ ਸਿੰਘ, ਸ਼ਮਸ਼ੇਰ ਸਿੰਘ, ਪਰਮਿੰਦਰ ਸਿੰਘ, ਮੁਨੀਸ਼ ਤੇ ਵਿਜੈ ਪਾਲ ਹਾਜ਼ਰ ਸਨ।
ਕੈਪਸ਼ਨ: ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਦੇ ਹੋਏ ਦੁਕਾਨਦਾਰ।